ਪਾਕਿ 'ਚ ਦੋ ਹਿੰਦੂ ਨਾਬਾਲਗ ਕੁੜੀਆਂ ਅਗਵਾ, ਹਿੰਦੂ ਔਰਤ ਕਰਵਾਈ ਗਈ ਆਜ਼ਾਦ

06/04/2019 12:14:45 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹਿੰਦੂ ਭਾਈਚਾਰੇ ਦੀ ਸੁਰੱਖਿਆ ਖਤਰੇ ਵਿਚ ਹੈ। ਇੱਥੇ ਖਾਸ ਕਰ ਕੇ ਹਿੰਦੂ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲ ਹੀ ਵਿਚ ਇਸ ਸੰਬੰਧੀ ਦੋ ਮਾਮਲੇ ਸਾਹਮਣੇ ਆਏ ਹਨ। ਪਹਿਲੇ ਮਾਮਵੇ ਵਿਚ ਸੂਬਾ ਸਿੰਧ ਦੇ ਸ਼ਹਿਰ ਉਧੇਰੋ ਲਾਲ ਦੇ ਪਿੰਡ ਮਟਾਰ ਵਿਚ ਰਹਿੰਦੇ ਸ਼੍ਰੀ ਰਾਸ਼ੀ ਕੁਮਾਰ ਕੋਲਹੀ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮੁਤਾਬਕ ਉਸ ਦੀ ਧੀ ਅਨੀਤਾ (14) ਜੋ ਕਿ 8ਵੀਂ ਜਮਾਤ ਦੀ ਵਿਦਿਆਰਥਣ ਹੈ ਨੂੰ ਉਸ ਹਬੀਬ ਬਰਿਚੋ ਨਾਮੀ ਮੁਸਲਿਮ ਨੌਜਵਾਨ ਵੱਲੋਂ ਅਗਵਾ ਕਰ ਕੇ ਕਿਸੇ ਅਣਪਛਾਤੀ ਜਗ੍ਹਾ 'ਤੇ ਰੱਖਿਆ ਗਿਆ ਹੈ। 

ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਸਿੰਧ ਤੋਂ ਵਕੀਲ ਸ਼ੰਕਰ ਮੇਘਵਾਰ ਨੇ ਦੱਸਿਆ ਕਿ ਹਬੀਬ ਵੱਲੋਂ ਅਨੀਤਾ ਦਾ ਧਰਮ ਪਵਿਰਤਨ ਕਰਵਾ ਕੇ ਉਸ ਨਾਲ ਵਿਆਹ ਕਰਵਾ ਲਿਆ ਗਿਆ। ਸਾਜ਼ੀਆ ਬਣੀ ਅਨੀਤਾ ਦੇ ਪਿਤਾ ਨੇ ਅਦਾਲਤ ਤੋਂ ਇਨਸਾਫ ਲਈ ਅਪੀਲ ਕੀਤੀ ਹੈ। ਇਕ ਹੋਰ ਮਾਮਲੇ ਵਿਚ ਕਰਾਚੀ ਦੇ ਮਨੀਰ ਵਿਚ ਰਹਿੰਦੀ ਵਿੱਦਿਆ ਕੁਮਾਰੀ (16) ਪੁੱਤਰੀ ਰਜੇਸ਼ ਕੁਮਾਰ ਨੂੰ ਉਸ ਦੇ ਘਰ ਦੇ ਬਾਹਰੋਂ ਕੁਝ ਅਣਪਛਾਤੇ ਹਥਿਆਰਬੰਦ ਨੌਜਵਾਨ ਅਗਵਾ ਕਰ ਕੇ ਲੈ ਗਏ। ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰ ਕੀਤੀ ਜਾ ਰਹੀ ਹੈ। ਹਾਲੇ ਤੱਕ ਪੀੜਤ ਕੁੜੀ ਬਾਰੇ ਕੋਈ ਸੁਰਾਗ ਹਾਸਲ ਨਹੀਂ ਹੋ ਸਕਿਆ। 

ਉੱਧਰ ਸੂਬਾ ਸਿੰਧ ਦੇ ਹੀ ਸ਼ਹਿਰ ਬਦੀਨ ਤੋਂ ਰਾਜਾ ਜ਼ਮਾਲੀ ਨਾਮ ਦੇ ਜਿਮੀਂਦਾਰ ਵੱਲੋਂ ਤਿੰਨ ਮਹੀਨੇ ਪਹਿਲਾਂ ਅਗਵਾ ਕੀਤੀ ਗਈ ਚੰਨੂ ਕੋਲਹੀ ਦੀ ਪਤਨੀ ਖਤੁ ਕੁਮਾਰੀ ਨੂੰ ਆਜ਼ਾਦ ਕਰਵਾਇਆ ਗਿਆ। ਭਾਵੇਂਕਿ ਇਸ ਦੇ ਬਾਰੇ ਵਿਚ ਪੁਲਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ ਸੀ ਪਰ ਪੀੜਤਾ ਦੇ ਪਤੀ ਵਲੋਂ ਬਦੀਨ ਦੇ ਸੈਸ਼ਨ ਜੱਜ ਪਾਸੋਂ ਅਪੀਲ ਕਰਨ ਉਪਰੰਤ ਅਦਾਲਤ ਵੱਲੋਂ ਇਸ ਬਾਰੇ ਅਦਾਲਤੀ ਹੁਕਮ ਜਾਰੀ ਕੀਤੇ ਗਏ। ਬਾਅਦ ਵਿਚ ਪੁਲਸ ਨੇ ਖਤੂ ਨੂੰ ਉਕਤ ਜਿਮੀਂਦਾਰ ਦੇ ਕਬਜ਼ੇ ਵਿਚੋਂ ਆਜ਼ਾਦ ਕਰਵਾਇਆ।


Vandana

Content Editor

Related News