ਬਲੋਚਿਸਤਾਨ 'ਚ ਤਬਾਹੀ : ਹੁਣ ਤੱਕ 10 ਲੋਕਾਂ ਦੀ ਮੌਤ, 1,500 ਪਰਿਵਾਰ ਸੁਰੱਖਿਅਤ

Monday, Mar 04, 2019 - 10:05 AM (IST)

ਬਲੋਚਿਸਤਾਨ 'ਚ ਤਬਾਹੀ : ਹੁਣ ਤੱਕ 10 ਲੋਕਾਂ ਦੀ ਮੌਤ, 1,500 ਪਰਿਵਾਰ ਸੁਰੱਖਿਅਤ

ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਦੱਖਣੀ ਬਲੋਚਿਸਤਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਬਰਫਬਾਰੀ ਅਤੇ ਮੀਂਹ ਕਾਰਨ ਕਰੀਬ 10 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਅਤੇ ਪਾਕਿਸਤਾਨੀ ਫੌਜ ਨੇ ਹੈਲੀਕਾਪਟਰ ਜ਼ਰੀਏ ਉੱਥੇ ਫਸੇ 1,500 ਪਰਿਵਾਰਾਂ ਨੂੰ ਬਾਹਰ ਕੱਢਿਆ। ਇਕ ਬਚਾਅ ਅਧਿਕਾਰੀ ਨੇ ਦੱਸਿਆ ਕਿ ਮੀਂਹ ਅਤੇ ਬਰਫਬਾਰੀ ਕਾਰਨ ਆਏ ਹੜ੍ਹ ਨਾਲ ਜਿੱਥੇ ਚਮਨ, ਬੋਲਨ, ਖੁੱਦਾਰ, ਪਿਸ਼ਿਨ, ਲਾਸਬੇਲਾ, ਦਲਬੰਦਿਨ, ਕਿਲਾ ਅਬਦੁੱਲਾ ਅਤੇ ਕੇਚ ਦੇ ਜ਼ਿਆਦਾਤਰ ਇਲਾਕੇ ਪ੍ਰਭਾਵਿਤ ਹੋਏ ਹਨ, ਉੱਥੇ ਸੈਂਕੜੇ ਪਰਿਵਾਰ ਘਰ ਰੁੜ੍ਹ ਜਾਣ ਕਾਰਨ ਬੇਘਰ ਹੋ ਗਏ ਹਨ। 

ਅਧਿਕਾਰੀ ਨੇ ਕਿਹਾ,''ਸਾਨੂੰ ਖਰਾਬ ਮੌਸਮ ਦੇ ਕਾਰਨ ਵੱਖ-ਵੱਖ ਹਿੱਸਿਆਂ ਵਿਚ ਕਰੀਬ 10 ਲੋਕਾਂ ਦੇ ਮਰਨ ਦੀ ਜਾਣਕਾਰੀ ਹੈ।'' ਉੱਥੇ ਮੀਡੀਆ ਖਬਰਾਂ ਮੁਤਾਬਕ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਬਰਫਬਾਰੀ, ਮੀਂਹ ਅਤੇ ਹੜ੍ਹ ਕਾਰਨ 20 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। 'ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼' (ਆਈ.ਐੱਸ.ਪੀ.ਆਰ.) ਵੱਲੋਂ ਸਾਂਝੀ ਕੀਤੀ ਗਈ ਤਾਜ਼ਾ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਲੱਗਭਗ 1,500 ਪਰਿਵਾਰਾਂ ਨੂੰ ਡੂਰੇਜੀ (ਲਾਸਬੇਲਾ) ਅਤੇ ਕਿਲਾ ਅਬਦੁੱਲਾ ਇਲਾਕਿਆਂ ਵਿਚ ਪਾਕਿਸਤਾਨੀ ਫੌਜ ਦੇ ਹੈਲੀਕਾਪਟਰਾਂ ਜ਼ਰੀਏ ਕੱਢਿਆ ਗਿਆ। ਇਸ ਦੇ ਇਲਾਵਾ ਸੁਰੱਖਿਆ ਬਲਾਂ ਨੇ ਉਨ੍ਹਾਂ ਗੱਡੀਆਂ ਨੂੰ ਵੀ ਕੱਢਿਆ ਹੈ ਜੋ ਸੂਬੇ ਦੇ ਵੱਖ-ਵੱਖ ਥਾਵਾਂ 'ਤੇ ਫਸੀਆਂ ਹੋਈਆਂ ਸਨ।


author

Vandana

Content Editor

Related News