ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ ਨੇ ਹੜ੍ਹ ਕਾਰਨ UAE ਦਾ ਦੌਰਾ ਕੀਤਾ ਮੁਲਤਵੀ

09/01/2022 5:15:22 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਭਿਆਨਕ ਹੜ੍ਹਾਂ ਕਾਰਨ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ। ਦੇਸ਼ ਵਿੱਚ ਹੜ੍ਹਾਂ ਕਾਰਨ 1,100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨੇ 3 ਸਤੰਬਰ ਨੂੰ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰਨਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਖਾੜੀ ਦੇਸ਼ ਨੇ ਪਾਕਿਸਤਾਨ ਵਿੱਚ ਹੜ੍ਹ ਪੀੜਤਾਂ ਲਈ 50 ਕਰੋੜ ਡਾਲਰ ਦੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਭੇਜਣੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਪਿਛਲੇ 30 ਸਾਲਾਂ ਵਿੱਚ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ।

ਸ਼ਰੀਫ ਨੇ ਟਵੀਟ ਕੀਤਾ, ''ਮੈਂ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਦੇ ਸੱਦੇ 'ਤੇ 3 ਸਤੰਬਰ ਨੂੰ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰਨਾ ਸੀ। ਅਸੀਂ ਆਪਸੀ ਤੌਰ 'ਤੇ ਯਾਤਰਾ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਮੈਂ ਬਚਾਅ ਅਤੇ ਰਾਹਤ ਗਤੀਵਿਧੀਆਂ 'ਤੇ ਧਿਆਨ ਦੇ ਸਕਾਂ।' ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਔਖੀ ਘੜੀ 'ਚ ਸਾਡੇ ਨਾਲ ਰਹੇ 'ਭਰਾ ਅਤੇ ਭੈਣਾਂ' ਦਾ ਹਮੇਸ਼ਾ ਧੰਨਵਾਦੀ ਰਹੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨੇ ਬੁੱਧਵਾਰ ਰਾਤ ਨੂੰ ਉਨ੍ਹਾਂ ਨਾਲ ਟੈਲੀਫੋਨ 'ਤੇ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਯੂਏਈ ਪਾਕਿਸਤਾਨ ਦੇ ਹੜ੍ਹ ਪੀੜਤਾਂ ਦੀ ਮਦਦ ਕਰਨਾ ਜਾਰੀ ਰੱਖੇਗਾ।

ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸੰਪਰਕ ਕੀਤਾ ਅਤੇ ਹੜ੍ਹ ਰਾਹਤ ਸਮੱਗਰੀ ਨਾਲ ਭਰੇ 20 ਜਹਾਜ਼ ਦੇਸ਼ ਭਰ ਦੇ ਲੱਖਾਂ ਹੜ੍ਹ ਪੀੜਤਾਂ ਲਈ ਭੇਜਣ ਦਾ ਵਾਅਦਾ ਕੀਤਾ। ਦੇਸ਼ ਵਿੱਚ ਹੜ੍ਹਾਂ ਕਾਰਨ 1,600 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ ਅਤੇ ਲਗਭਗ 7,35,000 ਪਸ਼ੂਆਂ ਦੀ ਜਾਨ ਚਲੀ ਗਈ ਹੈ। ਹੜ੍ਹਾਂ ਕਾਰਨ ਸੜਕਾਂ ਅਤੇ 20 ਲੱਖ ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਨੂੰ ਨੁਕਸਾਨ ਪੁੱਜਾ ਹੈ।


cherry

Content Editor

Related News