ਪਾਕਿ ਪੀ. ਐੱਮ. ਨੇ ਭਾਰਤ ਨੂੰ ਦਿੱਤੀ ਗਿੱਦੜ ਧਮਕੀ

02/19/2019 2:05:35 PM

ਇਸਲਾਮਾਬਾਦ, (ਏਜੰਸੀ)— ਪਾਕਿਸਤਾਨ ਨੇ ਫਿਰ ਓਹੀ ਪੁਰਾਣਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ, ਜੋ ਉਹ ਹਮੇਸ਼ਾ ਤੋਂ ਅਲਾਪਦਾ ਰਿਹਾ ਹੈ। ਪਠਾਨਕੋਟ ਹਮਲੇ ਦੇ ਸਬੂਤ ਸੌਂਪਣ ਤੋਂ ਬਾਅਦ ਵੀ ਹੁਣ ਤਕ ਪਾਕਿਸਤਾਨ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਪੁਲਵਾਮਾ ਹਮਲੇ 'ਚ ਵੀ ਪਾਕਿਸਤਾਨ ਦਾ ਹੱਥ ਹੋਣ ਤੋਂ ਇਮਰਾਨ ਖਾਨ ਨੇ ਸਾਫ ਇਨਕਾਰ ਦਿੱਤਾ, ਨਾਲ ਹੀ ਉਲਟਾ ਭਾਰਤ ਨੂੰ ਧਮਕੀ ਦੇ ਦਿੱਤੀ।

ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਨੇ ਕਿਹਾ ਕਿ ਭਾਰਤ ਬਿਨਾਂ ਸਬੂਤ ਪਾਕਿਸਤਾਨ 'ਤੇ ਦੋਸ਼ ਲਗਾ ਰਿਹਾ ਹੈ ਕਿ ਪੁਲਵਾਮਾ ਹਮਲੇ 'ਚ ਉਨ੍ਹਾਂ ਦਾ ਹੱਥ ਹੈ। ਬੌਖਲਾਏ ਹੋਏ ਪਾਕਿਸਤਾਨ ਨੇ ਭਾਰਤ ਨੂੰ ਗਿੱਦੜ ਧਮਕੀ ਦਿੱਤੀ ਕਿ ਜੇਕਰ ਹਮਲਾ ਹੋਇਆ ਤਾਂ ਉਹ ਇਸ ਦਾ ਜਵਾਬ ਦੇਣਗੇ। ਇਮਰਾਨ ਖਾਨ ਦੇ ਬਿਆਨ 'ਚ ਦੋਹਰੇ ਮਾਪਦੰਡ ਦਿਖੇ। ਇਕ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਅਤੇ ਨਾਲ ਹੀ ਜੰਗ ਦੀ ਧਮਕੀ ਵੀ ਦੇ ਦਿੱਤੀ। ਆਪਣੇ ਕੁਝ ਦੇਰ ਦੇ ਸੰਬੋਧਨ 'ਚ ਇਮਰਾਨ ਨੇ ਇਕ ਵਾਰ ਫਿਰ ਕਸ਼ਮੀਰ ਦਾ ਰਾਗ ਅਲਾਪਿਆ।
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 44 ਜਵਾਨ ਸ਼ਹੀਦ ਹੋ ਗਏ ਸਨ। ਇਹ ਹਮਲਾ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਕੀਤਾ ਸੀ। ਜੈਸ਼-ਏ-ਮੁਹੰਮਦ ਨੇ ਖੁਦ ਇਸ ਦੀ ਜਿੰਮੇਵਾਰੀ ਲਈ ਸੀ। ਇਸ ਦੇ ਬਾਵਜੂਦ ਪਾਕਿਸਤਾਨੀ ਸਰਕਾਰ ਕੋਈ ਕਾਰਵਾਈ ਕਰਨ ਦੀ ਬਜਾਏ ਆਪਣਾ ਹੱਥ ਹੋਣ ਤੋਂ ਸਾਫ ਇਨਕਾਰ ਕਰ ਰਹੀ ਹੈ। ਹੁਣ ਤਕ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ 'ਤੇ ਚੁੱਪ ਰਹੇ ਪਰ ਅੱਜ ਪਹਿਲਾ ਬਿਆਨ ਹੀ ਉਨ੍ਹਾਂ ਨੇ ਦੋ ਤਰੀਕਿਆਂ ਨਾਲ ਦਿੱਤਾ, ਜਿਸ ਦਾ ਕੋਈ ਵੀ ਸਮਰਥਨ ਨਹੀਂ ਕਰ ਸਕਦਾ।


Related News