ਸ਼੍ਰੀਨਗਰ ਜਾਣ ਵਾਲੀ ਵਿਸਤਾਰਾ ਦੀ ਫਲਾਈਟ ਨੂੰ ਮਿਲੀ ਬੰਬ ਦੀ ਧਮਕੀ

05/31/2024 5:17:32 PM

ਸ਼੍ਰੀਨਗਰ (ਭਾਸ਼ਾ)- ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਵਿਸਤਾਰਾ ਏਅਰਲਾਈਨਜ਼ ਦੀ ਇਕ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਜਹਾਜ਼ ਨੂੰ ਸ਼੍ਰੀਨਗਰ ਏਅਰਪੋਰਟ 'ਤੇ ਸੁਰੱਖਿਅਤ ਉਤਾਰਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਹਵਾਈ ਅੱਡੇ 'ਤੇ ਉਡਾਣ ਬਾਰੇ ਧਮਕੀ ਭਰਿਆ ਫ਼ੋਨ ਆਇਆ ਸੀ, ਜਿਸ 'ਚ 178 ਯਾਤਰੀ ਸਵਾਰ ਸਨ। ਧਮਕੀ ਭਰੇ ਫ਼ੋਨ ਤੋਂ ਬਾਅਦ ਹੀ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਸਮੇਤ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਏਅਰਪੋਰਟ ਨੂੰ ਕੁਝ ਦੇਰ ਲਈ ਬੰਦ ਕਰ ਦਿੱਤਾ। ਇਸ ਤੋਂ ਬਾਅਦ ਵਿਸਤਾਰਾ ਏਅਰਲਾਈਨਜ਼ ਦੀ ਫਲਾਈ UK611 ਦੀ ਸੁਰੱਖਿਅਤ ਲੈਂਡਿੰਗ ਹੋਈ। ਏਅਰਪੋਰਟ ਅਥਾਰਟੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫਲਾਈਟ ਦੀ ਜਦੋਂ ਜਾਂਚ ਹੋਈ ਤਾਂ ਉਸ 'ਚ ਕੁਝ ਵੀ ਨਹੀਂ ਮਿਲਿਆ। ਧਮਕੀ ਨੂੰ ਫਰਜ਼ੀ ਮੰਨਿਆ ਗਿਆ ਅਤੇ ਫਿਰ ਤੋਂ ਏਅਰਪੋਰਟ ਦਾ ਸੰਚਾਲਨ ਆਮ ਤੌਰ 'ਤੇ ਸ਼ੁਰੂ ਕਰ ਦਿੱਤਾ ਗਿਆ। ਸੁਰੱਖਿਆ ਪ੍ਰੋਟੋਕਾਲ ਦੇ ਅਧੀਨ, ਜਹਾਜ਼ ਦੇ ਲੈਂਡ ਹੁੰਦੇ ਹੀ ਸਭ ਤੋਂ ਪਹਿਲੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਪੂਰੇ ਜਹਾਜ਼ ਦੀ ਜਾਂਚ ਕੀਤੀ ਗਈ। ਚੈਕਿੰਗ ਆਪਰੇਸ਼ਨ ਕਰੀਬ 2 ਘੰਟੇ ਤੱਕ ਚਲਿਆ।

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੀ ਜਾਂਚ ਲਈ ਬੰਬ ਨਿਰੋਧਕ ਦਸਤੇ ਅਤੇ ਖੋਜ਼ੀ ਕੁੱਤਿਆਂ ਨੂੰ ਵੀ ਤਾਇਨਾਤ ਕੀਤਾ ਗਿਆ ਪਰ ਤਾਲਾਸ਼ੀ ਤੋਂ ਬਾਅਦ ਵੀ ਜਹਾਜ਼ 'ਚ ਕੋਈ ਵਿਸਫ਼ੋਟਕ ਨਹੀਂ ਮਿਲਿਆ। ਇਸ ਪੂਰੀ ਘਟਨਾ ਦੌਰਾਨ ਸ਼੍ਰੀਨਗਰ ਏਅਰਪੋਰਟ 'ਤੇ ਸਾਰੇ ਫਲਾਈਟ ਆਪਰੇਸ਼ਨ ਰੋਕ ਦਿੱਤੇ ਗਏ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਫ਼ੋਨ ਕਿੱਥੋਂ ਆਇਆ ਸੀ। ਅਧਿਕਾਰੀ ਬੰਬ ਦੀ ਧਮਕੀ ਦੇ ਸਰੋਤ ਦੀ ਜਾਂਚ ਕਰ ਰਹੇ ਹਨ ਅਤੇ ਹਵਾਈ ਯਾਤਰਾ ਦੀ ਸੁਰੱਖਿਆ ਯਕੀਨੀ ਕਰਨ ਲਈ ਸਾਰੇ ਉਪਾਅ ਕਰ ਰਹੇ ਹਨ। ਜਹਾਜ਼ ਦੀ ਲੈਂਡਿੰਗ ਦੇ ਠੀਕ ਬਾਅਦ, ਏਅਰਪੋਰਟ ਪ੍ਰੋਟੋਕਾਲ ਦੇ ਅਧੀਨ ਉਸ ਨੂੰ 'ਆਈਸੋਲੇਸ਼ਨ ਬੇ' ਲਿਜਾਇਆ ਗਿਆ। ਇਹ ਦਰਅਸਲ ਏਅਰਪੋਰਟ ਦਾ ਉਹ ਹਿੱਸਾ ਹੁੰਦਾ ਹੈ, ਜਿੱਥੇ ਐਮਰਜੈਂਸੀ ਸਥਿਤੀ 'ਚ, ਹੋਰ ਜਹਾਜ਼ਾਂ ਤੋਂ ਵੱਖ ਕਰ ਕੇ ਜਹਾਜ਼ ਖੜ੍ਹਾ ਕੀਤਾ ਜਾਂਦਾ ਹੈ। ਵਿਸਤਾਰਾ ਫਲਾਈਟ ਨੂੰ ਇੱਥੇ ਖੜ੍ਹਾ ਕਰ ਕੇ ਉਸ ਦੀ ਜਾਂਚ ਕੀਤੀ ਗਈ। ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ, ਇਸ ਦੌਰਾਨ ਸ਼੍ਰੀਨਗਰ ਏਅਰਪੋਰਟ 'ਤੇ ਆਉਣ ਵਾਲੀਆਂ ਹੋਰ ਫਲਾਈਟਸ ਨੂੰ ਵੀ ਡਾਇਵਰਟ ਕਰ ਦਿੱਤਾ ਗਿਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News