ਦਿੱਲੀ ’ਚ ਹੁਣ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵਿਦੇਸ਼ ਮੰਤਰੀ ਜੈਸ਼ੰਕਰ ਦਾ ਪ੍ਰੋਗਰਾਮ ਮੁਲਤਵੀ
Friday, May 24, 2024 - 10:15 AM (IST)

ਨਵੀਂ ਦਿੱਲੀ (ਇੰਟ.)- ਰਾਜਧਾਨੀ ਦਿੱਲੀ ਵਿਚ ਬੰਬ ਦਾ ਡਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੁਝ ਦਿਨ ਪਹਿਲਾਂ 200 ਤੋਂ ਜ਼ਿਆਦਾ ਸਕੂਲਾਂ ਨੂੰ ਬੰਬ ਨਾਲ ਉਡਾਉਣ ਵਾਲੀਆਂ ਧਮਕੀ ਭਰੀਆਂ ਈਮੇਲਾਂ ਭੇਜੀਆਂ ਗਈਆਂ ਸਨ। ਪੂਰੇ ਐੱਨ. ਸੀ. ਆਰ. ਵਿਚ ਪੈਨਿਕ ਦੀ ਸਥਿਤੀ ਬਣ ਗਈ ਸੀ। ਇਸ ਤੋਂ ਬਾਅਦ ਕਈ ਵੱਡੇ ਹਸਪਤਾਲਾਂ ਅਤੇ ਦਿੱਲੀ ਏਅਰਪੋਰਟ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਅਜਿਹੇ ’ਚ ਦਿੱਲੀ ਪੁਲਸ ਨੇ ਹੁਣ ਕਿਹਾ ਹੈ ਕਿ ਇਕ ਦਰਜਨ ਤੋਂ ਵੱਧ ਕਾਲਜਾਂ ਤੋਂ ਬੰਬ ਦੀ ਧਮਕੀ ਨੂੰ ਲੈ ਕੇ ਕਾਲਾਂ ਆਈਆਂ ਹਨ। ਮੌਕੇ ’ਤੇ ਫਾਇਰ ਸਰਵਿਸ ਦੀਆਂ ਗੱਡੀਆਂ ਭੇਜੀਆਂ ਗਈਆਂ ਹਨ। ਉਥੇ ਇਕ ਕਾਲਜ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਪ੍ਰੋਗਰਾਮ ਹੋਣਾ ਸੀ, ਜਿਸਨੂੰ ਬੰਬ ਦੀ ਧਮਕੀ ਤੋਂ ਬਾਅਦ ਸੁਰੱਖਿਆ ਕਾਰਨਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।
ਇਕ ਦਰਜਨ ਤੋਂ ਜ਼ਿਆਦਾ ਕਾਲਜਾਂ ਨੂੰ ਧਮਕੀ
ਦਿੱਲੀ ਪੁਲਸ ਮੁਤਾਬਕ ਲੇਡੀ ਸ਼੍ਰੀ ਰਾਮ ਕਾਲਜ ਸਮੇਤ ਲੱਗਭਗ ਇਕ ਦਰਜਨ ਕਾਲਜਾਂ ਨੂੰ ਉਡਾਉਣ ਦੀ ਧਮਕੀ ਮਿਲੀ ਸੀ। ਇਨ੍ਹਾਂ ਵਿਚੋਂ ਹੰਸਰਾਜ ਕਾਲਜ, ਗਾਰਗੀ ਕਾਲਜ, ਰਾਮਜਸ ਕਾਲਜ, ਜ਼ਾਕਿਰ ਹੁਸੈਨ ਕਾਲਜ, ਇੰਦਰਪ੍ਰਸਥ ਕਾਲਜ ਫਾਰ ਵੂਮੈਨ, ਲੇਡੀ ਇਰਵਿਨ ਕਾਲਜ, ਕਿਰੋੜੀਮਲ ਕਾਲਜ, ਭਾਸਕਰਾਚਾਰਿਆ ਕਾਲਜ, ਦੀਨ ਦਿਆਲ ਉਪਾਧਿਆਏ ਕਾਲਜ, ਸ਼੍ਰੀ ਵੈਂਕਟੇਸ਼ਵਰ ਕਾਲਜ ਅਤੇ ਪੀ. ਜੀ. ਡੀ. ਏ. ਵੀ. ਕਾਲਜ ਸ਼ਾਮਲ ਹਨ। ਡੀ. ਯੂ. ਕਾਲਜਾਂ ਤੋਂ ਇਲਾਵਾ, ਦਿੱਲੀ ਫਾਰਮਾਸਿਊਟੀਕਲ ਸਾਇੰਸਜ਼ ਐਂਡ ਰਿਸਰਚ ਯੂਨੀਵਰਸਿਟੀ, ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ (ਐੱਸ. ਪੀ. ਏ.) ਸਮੇਤ ਹੋਰ ਰਾਜ ਯੂਨੀਵਰਸਿਟੀਆਂ ਨੂੰ ਵੀ ਧਮਕੀਆਂ ਮਿਲੀਆਂ ਹਨ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਪ੍ਰੋਗਰਾਮ ਮੁਲਤਵੀ
ਦਰਅਸਲ, ਡੀ. ਯੂ. ਦੇ ਸ਼੍ਰੀ ਵੈਂਕਟੇਸ਼ਵਰ ਕਾਲਜ ਵਿਚ ਵੀ ਬੰਬ ਦੀ ਕਾਲ ਆਈ ਹੈ। ਹਾਲਾਂਕਿ ਪੁਲਸ ਜਾਂਚ ’ਚ ਇੱਥੇ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਧਮਕੀ ਵਾਲੀ ਕਾਲ ਤੋਂ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਇੱਥੇ ਹੋਣ ਵਾਲਾ ਪ੍ਰੋਗਰਾਮ ਸੁਰੱਖਿਆ ਕਾਰਨਾਂ ਕਰ ਕੇ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਦਿੱਲੀ ਪੁਲਸ ਨੇ ਦੱਸਿਆ ਕਿ ਕਾਲਜਾਂ ਵਿਚ ਬੰਬ ਧਮਾਕੇ ਦੀਆਂ ਧਮਕੀਆਂ ਸਬੰਧੀ ਕੁਝ ਕਾਲਾਂ ਆਈਆਂ ਸਨ। ਜਾਂਚ ਦੌਰਾਨ ਸਾਰੀਆਂ ਕਾਲਾਂ ਫਰਜ਼ੀ ਪਾਈਆਂ ਗਈਆਂ। ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8