PML-N ਅਤੇ PPP ਨੇ 'ਮਜ਼ਬੂਤ' ਵਿਰੋਧੀ ਧਿਰ ਦੇ ਗਠਨ ਲਈ ਮਿਲਾਇਆ ਹੱਥ

Monday, Jul 30, 2018 - 02:55 PM (IST)

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਵਿਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰੀ ਪੀ.ਟੀ.ਆਈ. ਵਿਰੁੱਧ ਸਿਆਸੀ ਪਾਰਟੀਆਂ ਨੇ ਗਠਜੋੜ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਗਦੀਓਂ ਲਾਹੇ ਗਏ ਪੀ.ਐੱਮ. ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਇਕ ਮਜ਼ਬੂਤ ਵਿਰੋਧੀ ਧਿਰ ਬਨਾਉਣ ਲਈ ਹੱਥ ਮਿਲਾਉਣ 'ਤੇ ਸਹਿਮਤ ਹੋ ਗਈ ਹੈ। ਇਨ੍ਹਾਂ ਦੋਹਾਂ ਪਾਰਟੀਆਂ ਦੇ ਮਿਲਣ ਨਾਲ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੂੰ ਸਖਤ ਚੁਣੌਤੀ ਮਿਲਣ ਦੀ ਸੰਭਾਵਨਾ ਹੈ। 
ਪਾਕਿਸਤਾਨ ਦੀ ਇਕ ਅੰਗਰੇਜ਼ੀ ਅਖਬਾਰ ਨੇ ਸੋਮਵਾਰ ਨੂੰ ਦੱਸਿਆ ਕਿ ਪੀ.ਐੱਮ.ਐੱਲ.-ਐੱਨ. ਅਤੇ ਪੀ.ਪੀ.ਪੀ. ਨੇ ਹੱਥ ਮਿਲਾ ਲਿਆ ਹੈ। ਜੇ ਪੀ.ਟੀ.ਆਈ. ਸਰਕਾਰ ਬਨਾਉਣ ਵਿਚ ਸਫਲ ਰਹਿੰਦੀ ਹੈ ਤਾਂ ਉਹ ਸੰਸਦ ਵਿਚ ਉਸ ਨੂੰ ਸਖਤ ਟਕੱਰ ਦੇ ਸਕਣ। ਦੋਹਾਂ ਪਾਰਟੀਆਂ ਨੇ ਤਾਲਮੇਲ ਸੰਯੁਕਤ ਰਣਨੀਤੀ ਬਨਾਉਣ 'ਤੇ ਸਹਿਮਤੀ ਦੇ ਦਿੱਤੀ ਹੈ। ਇਮਰਾਨ ਦੀ ਪਾਰਟੀ ਆਮ ਚੋਣਾਂ ਵਿਚ 116 ਸੀਟਾਂ 'ਤੇ ਜਿੱਤ ਹਾਸਲ ਕਰ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰੀ ਹੈ ਪਰ ਪੂਰਨ ਬਹੁਮਤ ਲਈ ਹਾਲੇ ਵੀ ਉਹ 21 ਸੀਟਾਂ ਦੂਰ ਹੈ। ਪੀ.ਐੱਮ.ਐੱਲ.-ਐੱਨ.ਨੂੰ 64 ਅਤੇ ਪੀ.ਪੀ.ਪੀ. ਨੂੰ 43 ਸੀਟਾਂ ਮਿਲੀਆਂ ਹਨ। ਦੋਹਾਂ ਪਾਰਟੀਆਂ ਵਿਚਕਾਰ ਐਤਵਾਰ ਨੂੰ ਸਿੱਧੇ ਤੌਰ 'ਤੇ ਬੈਠਕ ਹੋਈ ਸੀ। ਬੈਠਕ ਦੇ ਬਾਅਦ ਪੀ.ਐੱਮ.ਐੱਲ.-ਐੱਨ. ਦੇ ਨੇਤਾ ਮੁਸ਼ਾਹਿਦ ਹੁਸੈਨ ਸੈਯਦ ਨੇ ਦੱਸਿਆ ਕਿ ਦੋਹਾਂ ਪਾਰਟੀਆਂ ਇਸ ਗੱਲ 'ਤੇ ਇਕਜੁੱਟ ਹਨ ਕਿ ਚੋਣਾਂ ਵਿਚ ਗੜਬੜੀ ਕੀਤੀ ਗਈ ਹੈ।


Related News