ਕੋਵਿਡ-19 : ਪਾਕਿ 'ਚ ਮਰੀਜ਼ਾਂ ਦੀ ਗਿਣਤੀ 1000 ਦੇ ਪਾਰ, ਸਾਊਦੀ 'ਚ ਪਹਿਲੀ ਮੌਤ
Wednesday, Mar 25, 2020 - 04:10 PM (IST)

ਇਸਲਾਮਾਬਾਦ/ਰਿਆਦ (ਬਿਊਰੋ): ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਕੋਵਿਡ-19 ਦਾ ਕਹਿਰ ਜਾਰੀ ਹੈ।ਤਾਜ਼ਾ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਵਿਚ ਕੋਰੋਨਾਵਾਇਰਸ ਪੌਜੀਟਿਵ ਮਾਮਲਿਆਂ ਦੀ ਗਿਣਤੀ 1000 ਦੇ ਪਾਰ ਹੋ ਗਈ ਹੈ ਜਦਕਿ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਇੱਥੇ ਹਜ਼ਾਰਵਾਂ ਮਾਮਲਾ ਦਰਜ ਕੀਤਾ ਗਿਆ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ,''ਬੁੱਧਵਾਰ ਨੂੰ ਸਿੰਧ ਅਤੇ ਬਲੋਚਿਸਤਾਨਸੂਬੇ ਵਿਚ 7 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਦੇ ਬਾਅਦ ਕੁੱਲ ਮਾਮਲੇ 1000 ਪਹੁੰਚ ਗਏ।''
ਇੱਥੇ ਸਭ ਤੋਂ ਵੱਧ ਮਾਮਲੇ ਸਿੰਧ ਸੂਬੇ ਵਿਚ ਹੀ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ ਸਿੰਧ ਵਿਚ 413, ਪੰਜਾਬ ਵਿਚ 296, ਖੈਬਰ ਪਖਤੂਨਖਵਾ ਵਿਚ 78, ਬਲੋਚਿਸਤਾਨ ਵਿਚ 115, ਇਸਲਾਮਾਬਾਦ ਵਿਚ 16 ਅਤੇ ਗਿਲਗਿਤ-ਬਾਲਟੀਸਤਾਨ ਵਿਚ 81 ਮਾਮਲੇ ਸਾਹਮਣੇ ਆਏ ਹਨ। ਗੌਰਤਲਬ ਹੈ ਕਿ ਬੁੱਧਵਾਰ ਨੂੰ ਹੀ ਪਾਕਿਸਤਾਨ ਸਰਕਾਰ ਨੇ ਸਖਤ ਫੈਸਲਾ ਲੈਂਦੇ ਹੋਏ ਸਾਰੀਆਂ ਸਥਾਨਕ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ। ਇਸ ਤੋਂ ਪਹਿਲਾਂ ਪੈਸੇਂਜਰ ਟਰੇਨ ਸਰਵਿਸ ਨੂੰ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਖਾਤਮੇ ਲਈ ਦੁਨੀਆ ਭਰ 'ਚ 4 ਦਵਾਈਆਂ ਦਾ ਮਹਾ-ਪਰੀਖਣ ਸ਼ੁਰੂ
ਪਾਕਿਸਤਾਨ ਵਿਚ ਸਿੰਧ ,ਪੰਜਾਬ ਸਮੇਤ ਕੁੱਲ 3 ਸੂਬਿਆਂ ਵਿਚ ਇਸ ਸਮੇਂ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਭਾਵੇਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੀਤੇ ਦਿਨੀਂ ਪੂਰੇ ਦੇਸ਼ ਵਿਚ ਲੌਕਡਾਊਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਇਲਾਵਾ ਉਹਨਾਂ ਨੇ ਦੁਨੀਆ ਦੇ ਅਮੀਰ ਦੇਸ਼ਾਂ ਨੂੰ ਆਰਥਿਕ ਮਦਦ ਦੇਣ ਦੀ ਅਪੀਲ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ-ਨਿਊਜ਼ੀਲੈਂਡ 'ਚ ਕੋਵਿਡ-19 ਦੇ 50 ਨਵੇਂ ਮਾਮਲੇ, ਕੁੱਲ ਮ੍ਰਿਤਕਾਂ ਦੀ ਗਿਣਤੀ 18 ਹਜ਼ਾਰ ਦੇ ਪਾਰ
ਸਾਊਦੀ ਅਰਬ 'ਚ ਪਹਿਲੀ ਮੌਤ
ਉੱਧਰ ਸਾਊਦੀ ਅਰਬ ਵਿਚ ਅੱਜ ਭਾਵ ਬੁੱਧਵਾਰ ਨੂੰ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ ਹੋਣ ਦਾ ਮਾਮਲਾ ਦਰਜ ਕੀਤਾ ਗਿਆ। ਇੱਥੇ 51 ਸਾਲਾ ਅਫਗਾਨੀ ਨਾਗਰਿਕ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ। ਸਾਊਦੀ ਅਰਬ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 700 ਤੋਂ ਵਧੇਰੇ ਪੌਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।