ਜ਼ਬਰਦਸਤ ਧਮਾਕੇ ਨਾਲ ਕੰਬਿਆ ਗੁਆਂਢੀ ਮੁਲਕ ! 2 ਲੋਕਾਂ ਦੀ ਹੋਈ ਦਰਦਨਾਕ ਮੌਤ
Thursday, Nov 27, 2025 - 03:34 PM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਜ਼ੋਰਦਾਰ ਧਮਾਕੇ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਜਾਣਕਾਰੀ ਅਨੁਸਾਰ ਇਹ ਧਮਾਕਾ ਬੁੱਧਵਾਰ ਸ਼ਾਮ ਨੂੰ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਾਜੌਰ ਜ਼ਿਲ੍ਹੇ ਦੀ ਚਾਰਮੰਗ ਤਹਿਸੀਲ ਦੇ ਜੰਨਤ ਸ਼ਾਹ ਇਲਾਕੇ ਵਿੱਚ ਹੋਇਆ।
ਇਹ ਧਮਾਕਾ ਇੱਕ ਲਾਵਾਰਿਸ ਬਾਰੂਦੀ ਸੁਰੰਗ (ਲੈਂਡਮਾਈਨ) 'ਚ ਉਸ ਸਮੇਂ ਹੋਇਆ, ਜਦੋਂ ਤਿੰਨ ਲੋਕ ਉਸ ਖੇਤਰ ਵਿੱਚੋਂ ਲੰਘ ਰਹੇ ਸਨ, ਜਿਨ੍ਹਾਂ 'ਚੋਂ ਦੋ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ 18 ਸਾਲਾ ਸ਼ਮਸ਼ਾਦ ਅਤੇ 22 ਸਾਲਾ ਉਸਮਾਨ ਵਜੋਂ ਹੋਈ ਹੈ।
ਪਾਕਿਸਤਾਨ ਦੇ ਸਥਾਨਕ ਅਧਿਕਾਰੀਆਂ ਨੇ ਇਸ ਨੂੰ ਲੋਕਾਂ ਵਿੱਚ ਡਰ ਪੈਦਾ ਕਰਨ ਦੇ ਮਕਸਦ ਨਾਲ ਕੀਤੀ ਗਈ 'ਕਾਇਰਾਨਾ ਹਰਕਤ' ਦੱਸਿਆ ਹੈ ਅਤੇ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਸੁਰੱਖਿਆ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਸਫੋਟਕ ਯੰਤਰ ਕਿਸ ਨੇ ਲਗਾਇਆ ਸੀ।
