ਪਾਕਿਸਤਾਨ ਨੇ ਅਫਗਾਨਿਸਤਾਨ ਦੇ ਅੰਦਰੂਨੀ ਇਲਾਕਿਆਂ ''ਚ ਕੀਤੇ ਹਵਾਈ ਹਮਲੇ, 8 ਲੋਕਾਂ ਦੀ ਮੌਤ
Monday, Mar 18, 2024 - 05:50 PM (IST)
ਇਸਲਾਮਾਬਾਦ/ਕਾਬੁਲ (ਭਾਸ਼ਾ)- ਪਾਕਿਸਤਾਨ ਦੇ ਅਸ਼ਾਂਤ ਸ਼ਹਿਰਾਂ ਵਿਚ ਹਾਲ ਹੀ ਵਿਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਛਿੜੀ ਸ਼ਬਦੀ ਜੰਗ ਦੇ ਵਿਚਕਾਰ, ਪਾਕਿਸਤਾਨ ਨੇ ਸੋਮਵਾਰ ਨੂੰ ਅਫਗਾਨਿਸਤਾਨ ਦੇ ਅੰਦਰੂਨੀ ਇਲਾਕਿਆਂ ਵਿਚ ਹਵਾਈ ਹਮਲੇ ਕੀਤੇ, ਜਿਸ ਵਿਚ ਤਿੰਨ ਬੱਚਿਆਂ ਸਮੇਤ 8 ਨਾਗਰਿਕ ਮਾਰੇ ਗਏ। ਅਫਗਾਨਿਸਤਾਨ ਦੇ ਤਾਲਿਬਾਨ ਨੇ ਇਹ ਜਾਣਕਾਰੀ ਦਿੱਤੀ ਹੈ। ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਹਮਲਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਦੇਸ਼ ਦੇ ਪਕਤਿਕਾ ਅਤੇ ਖੋਸਤ ਸੂਬਿਆਂ ਦੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਫਿਲਹਾਲ ਪਾਕਿਸਤਾਨ ਵਲੋਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਵੀ ਪੜ੍ਹੋ: ਘਰ ਦੀ ਛੱਤ ਡਿੱਗਣ ਕਾਰਨ 2 ਬੱਚਿਆਂ ਸਣੇ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ
'ਡਾਨ' ਅਖਬਾਰ ਨੇ ਕਾਬੁਲ ਤੋਂ ਆਪਣੀ ਖ਼ਬਰ 'ਚ ਦੱਸਿਆ ਕਿ ਅਫਗਾਨਿਸਤਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਇਕ ਬਿਆਨ 'ਚ ਪਾਕਿਸਤਾਨੀ ਜਹਾਜ਼ਾਂ ਵੱਲੋਂ ਹਮਲੇ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਮੁਜਾਹਿਦ ਨੇ ਕਿਹਾ, ''ਤੜਕੇ 3 ਵਜੇ ਦੇ ਕਰੀਬ ਪਾਕਿਸਤਾਨੀ ਜਹਾਜ਼ਾਂ ਨੇ ਖੋਸਤ ਅਤੇ ਪਕਤਿਕਾ ਸੂਬਿਆਂ 'ਚ ਲੋਕਾਂ ਦੇ ਘਰਾਂ 'ਤੇ ਬੰਬਾਰੀ ਕੀਤੀ।'' ਉਨ੍ਹਾਂ ਦਾਅਵਾ ਕੀਤਾ ਕਿ ਔਰਤਾਂ ਅਤੇ ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ। ਮੁਜਾਹਿਦ ਨੇ ਦੱਸਿਆ ਕਿ ਪਾਕਿਸਤਾਨੀ ਜਹਾਜ਼ਾਂ ਨੇ ਪਕਤਿਕਾ ਦੇ ਬਰਮਲ ਜ਼ਿਲ੍ਹੇ ਦੇ ਲਮਾਨ ਇਲਾਕੇ 'ਚ ਹਮਲੇ ਕੀਤੇ। ਦੋਸ਼ ਲਾਇਆ ਕਿ “ਆਮ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਹ ਵੀ ਪੜ੍ਹੋ: ਦੋ ਭਾਈਚਾਰਿਆਂ ਵਿਚਾਲੇ ਝੜਪ ਰੁਕਵਾਉਣ ਪੁੱਜੇ 16 ਫੌਜੀਆਂ ਦਾ ਕਤਲ, ਨੌਜਵਾਨਾਂ ਨੇ ਘੇਰ ਕੇ ਮਾਰਿਆ
ਉਨ੍ਹਾਂ ਕਿਹਾ ਕਿ ਪਕਤਿਕਾ ਵਿੱਚ ਇੱਕ ਘਰ ਢਹਿ ਜਾਣ ਕਾਰਨ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਜਦਕਿ ਖੋਸਤ ਵਿੱਚ ਇੱਕ ਘਰ ਤਬਾਹ ਹੋ ਗਿਆ ਅਤੇ ਦੋ ਔਰਤਾਂ ਦੀ ਮੌਤ ਹੋ ਗਈ। ਬੁਲਾਰੇ ਨੇ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਬੇਰਹਿਮ ਕਾਰਵਾਈ ਅਤੇ ਅਫ਼ਗਾਨ ਸਰਹੱਦ ਦੀ ਉਲੰਘਣਾ ਕਰਾਰ ਦਿੱਤਾ। ਮੁਜਾਹਿਦ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਅਤੇ ਹਿੰਸਕ ਘਟਨਾਵਾਂ 'ਤੇ ਕਾਬੂ ਪਾਉਣ 'ਚ ਅਸਫਲਤਾ ਲਈ ਅਫਗਾਨਿਸਤਾਨ ਨੂੰ ਜ਼ਿੰਮੇਦਾਰ ਠਹਿਰਾਉਣਾ ਬੰਦ ਕੇ। ਉਨ੍ਹਾਂ ਚੇਤਾਵਨੀ ਦਿੱਤੀ, "ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਗੰਭੀਰ ਨਤੀਜੇ ਹੋਣਗੇ, ਜਿਨ੍ਹਾਂ ਨੂੰ ਪਾਕਿਸਤਾਨ ਵੀ ਨਹੀਂ ਝੱਲ ਸਕੇਗਾ।"
ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਇਬੋਲਾ ਵਾਇਰਸ ਦੇ ਪ੍ਰਜਨਨ ਦੇ ਤਰੀਕੇ ਦਾ ਲਾਇਆ ਪਤਾ, ਦਵਾਈ ਦੀ ਖੋਜ 'ਚ ਮਦਦ ਦੀ ਉਮੀਦ
ਪਾਕਿਸਤਾਨ ਦੇ ਵਜ਼ੀਰਿਸਤਾਨ 'ਚ ਸੁਰੱਖਿਆ ਬਲਾਂ ਦੀ ਚੌਕੀ 'ਤੇ ਹੋਏ ਅੱਤਵਾਦੀ ਹਮਲੇ 'ਚ ਦੋ ਅਧਿਕਾਰੀਆਂ ਸਮੇਤ 7 ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਐਤਵਾਰ ਨੂੰ ਜਵਾਬੀ ਕਾਰਵਾਈ ਕਰਨ ਦਾ ਸੰਕਲਪ ਲਿਆ ਸੀ। ਇਸ ਤੋਂ ਠੀਕ ਇੱਕ ਦਿਨ ਬਾਅਦ ਅਫਗਾਨਿਸਤਾਨ ਵਿੱਚ ਇਹ ਹਮਲੇ ਹੋਏ। ਜ਼ਰਦਾਰੀ ਨੇ ਐਤਵਾਰ ਨੂੰ ਕਿਹਾ ਸੀ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣਗੀਆਂ ਅਤੇ ਦੇਸ਼ ਇਨ੍ਹਾਂ ਮੌਤਾਂ ਦਾ ਬਦਲਾ ਲਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਕਿਸੇ ਨੇ ਉਸ ਦੀ ਸਰਹੱਦ ਅੰਦਰ ਹਮਲਾ ਕੀਤਾ ਤਾਂ ਪਾਕਿਸਤਾਨ ਜਵਾਬੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।