ਇਮਰਾਨ ਖਾਨ ਨੇ ਕੋਰਟ 'ਚ ਕੀਤਾ ਸਨਸਨੀਖੇਜ਼ ਦਾਅਵਾ, ਜ਼ਹਿਰ ਦਾ ਟੀਕਾ ਦੇ ਕੇ ਮਾਰ ਦਿੱਤਾ ਜਾਵੇਗਾ ਮੈਨੂੰ
Wednesday, May 10, 2023 - 10:40 PM (IST)

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਨੇ ਆਪਣੇ ਕਤਲ ਦਾ ਖਦਸ਼ਾ ਪ੍ਰਗਟਾਇਆ ਹੈ। ਇਮਰਾਨ ਨੇ ਜਵਾਬਦੇਹੀ ਅਦਾਲਤ ’ਚ ਸਨਸਨੀਖੇਜ਼ ਦਾਅਵੇ ਕੀਤੇ। ਉਨ੍ਹਾਂ ਕਿਹਾ ਕਿ ਮੈਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਮੈਨੂੰ ਜ਼ਹਿਰ ਦਾ ਟੀਕਾ ਲਾ ਕੇ ਹੌਲੀ-ਹੌਲੀ ਮਾਰਿਆ ਜਾ ਸਕਦਾ ਹੈ। ਖਾਨ ਨੇ ਕਿਹਾ ਕਿ ਗ੍ਰਿਫ਼ਤਾਰੀ ਤੋਂ ਬਾਅਦ 24 ਘੰਟੇ ਤੱਕ ਉਨ੍ਹਾਂ ਨੂੰ ਵਾਸ਼ਰੂਮ ਨਹੀਂ ਜਾਣ ਦਿੱਤਾ ਗਿਆ। ਐੱਨ. ਏ. ਬੀ. ਨੂੰ ਸੌਂਪੀ ਗਈ ਮੈਡੀਕਲ ਰਿਪੋਰਟ ’ਚ ਇਮਰਾਨ ਨੂੰ ਪੂਰੀ ਤਰ੍ਹਾਂ ਸਿਹਤਮੰਦ ਦੱਸਿਆ ਗਿਆ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਜਾਂਚ ਕਰ ਰਹੇ ਡਾਕਟਰਾਂ ਨੂੰ ਕਿਸੇ ਦਰਦ ਜਾਂ ਬੇਅਰਾਮੀ ਦੀ ਸ਼ਿਕਾਇਤ ਨਹੀਂ ਕੀਤੀ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਅਰਬਪਤੀ ਮਲਿਕ ਰਿਆਜ਼ ਹੁਸੈਨ, ਜਿਸ ਕਾਰਨ ਜਲ਼ ਰਿਹਾ ਪਾਕਿਸਤਾਨ, ਜੇਲ੍ਹ ਗਏ ਇਮਰਾਨ ਖਾਨ
ਇਮਰਾਨ ਨੂੰ ਮੰਗਲਵਾਰ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਦੇ ਆਦੇਸ਼ਾਂ 'ਤੇ ਦੇਸ਼ ਦੇ ਅਰਧ ਸੈਨਿਕ ਬਲਾਂ ਨੇ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਹ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਸੁਣਵਾਈ ਲਈ ਇਸਲਾਮਾਬਾਦ ਹਾਈ ਕੋਰਟ 'ਚ ਮੌਜੂਦ ਸਨ। ਸਾਬਕਾ ਕ੍ਰਿਕਟਰ ਇਮਰਾਨ ਖਾਨ (70) ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਸਮਰਥਕਾਂ ਨੇ ਦੇਸ਼ ਭਰ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਕਾਰਨ ਕਈ ਸੂਬਿਆਂ 'ਚ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਪਾਕਿਸਤਾਨੀ ਫੌਜ ਨੂੰ ਪੰਜਾਬ ਸੂਬੇ 'ਚ ਬੁਲਾਇਆ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।