ਪਾਕਿ : ਫਰਜ਼ੀ ਐਨਕਾਊਂਟਰ ਮਾਮਲੇ ''ਚ 16 ਪੁਲਸ ਮੁਲਾਜ਼ਮ ਗ੍ਰਿਫਤਾਰ

01/21/2019 5:25:11 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਸਰਕਾਰ ਨੇ ਫਰਜ਼ੀ ਐਨਕਾਊਂਟਰ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਵਿਚ ਅਧਿਕਾਰੀਆਂ ਨੇ ਇਕ ਦਰਜਨ ਤੋਂ ਵੱਧ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਦੇ 16 ਪੁਲਸ ਮੁਲਾਜ਼ਮ ਗ੍ਰਿਫਤਾਰ ਕੀਤੇ ਹਨ। ਉਨ੍ਹਾਂ ਵੱਲੋਂ ਕੀਤੇ ਗਏ ਫਰਜ਼ੀ ਐਨਕਾਊਂਟਰ ਵਿਚ ਚਾਰ ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ, ਜਿਸ ਵਿਚ ਇਕ 13 ਸਾਲਾ ਬੱਚੀ ਵੀ ਸ਼ਾਮਲ ਸੀ। ਇਸ ਪੁਲਸ ਕਾਰਵਾਈ 'ਤੇ ਸਵਾਲ ਉੱਠਣ ਮਗਰੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਜ਼ਰੀਏ ਕਿਹਾ ਸੀ ਕਿ ਇਸ ਮਾਮਲੇ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ

 

ਅਸਲ ਵਿਚ ਸੀ.ਟੀ.ਡੀ. (ਕਾਊਂਟਰ ਟੈਰੇਰਿਜ਼ਮ ਡਿਪਾਰਟਮੈਂਟ) ਨੇ 19 ਜਨਵਰੀ (ਸ਼ਨੀਵਾਰ) ਨੂੰ ਪੰਜਾਬ ਸੂਬੇ ਦੇ ਸਾਹੀਵਾਲ ਸ਼ਹਿਰ ਵਿਚ ਸ਼ੱਕ ਦੇ ਆਧਾਰ 'ਤੇ ਇਕ ਕਾਰ 'ਤੇ ਗੋਲੀਬਾਰੀ  ਕੀਤੀ, ਜਿਸ ਵਿਚ ਕਰਿਆਨਾ ਦੁਕਾਨ ਦੇ ਮਾਲਕ ਮੁਹੰਮਦ ਖਲੀਲ, ਉਸ ਦੀ ਪਤਨੀ ਨਬੀਲਾ, ਬੇਟੀ ਅਰੀਬਾ ਅਤੇ ਦੋਸਤ ਜੀਸ਼ਾਨ ਜਾਵੇਦ ਦੀ ਮੌਤ ਹੋ ਗਈ। ਪੁਲਸ ਮੁਤਾਬਕ ਜਾਵੇਦ ਇਕ ਲੋੜੀਂਦਾ ਅੱਤਵਾਦੀ ਸੀ। ਉੱਧਰ ਪਰਿਵਾਰ ਦੇ ਮੈਂਬਰਾਂ ਅਤੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪੁਲਸ ਨੇ ਬੇਰਹਿਮੀ ਨਾਲ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇਸ ਗੋਲੀਬਾਰੀ ਵਿਚ ਇਕ ਬੱਚਾ ਵੀ ਜ਼ਖਮੀ ਹੋਇਆ ਸੀ।

ਚਸ਼ਮਦੀਦਾਂ ਨੇ ਦੱਸਿਆ ਕਿ ਪੁਲਸ ਨੇ ਕਾਰ ਨੂੰ ਅੱਗ ਲਗਾਉਣ ਤੋਂ ਪਹਿਲਾਂ ਉਸ ਵਿਚ ਬੈਠੇ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਸੀ। ਇਸ ਘਟਨਾ ਮਗਰੋਂ ਇਲਾਕੇ ਦੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ,ਜਿਸ ਮਗਰੋਂ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ 16 ਪੁਲਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।


Vandana

Content Editor

Related News