ਪਾਕਿਸਤਾਨ ''ਚ 2,000 ਤੋਂ ਵੱਧ ਅਧਿਆਪਕ ਮੁਅੱਤਲ

05/14/2019 2:43:25 PM

ਲਾਹੌਰ (ਬਿਊਰੋ)— ਪਾਕਿਸਤਾਨ ਵਿਚ ਬਲੋਚਿਸਤਾਨ ਸਿੱਖਿਆ ਵਿਭਾਗ ਨੇ ਪਿਛਲੇ ਹਫਤੇ ਸੂਬੇ ਵਿਚ 2,000 ਤੋਂ ਵੱਧ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ। ਬਲੋਚਿਸਤਾਨ ਦੇ ਸਿੱਖਿਆ ਸਕੱਤਰ ਤੈਅਬ ਲਹਿਰੀ ਨੇ ਦੱਸਿਆ ਕਿ ਮੁਅੱਤਲ ਅਧਿਆਪਕ ਕਵੇਟਾ, ਡੇਰਾ ਬੁਗਤੀ, ਪਿਸ਼ਿਨ, ਕਿਲਾ ਅਬਦੁੱਲਾ ਅਤੇ ਸੂਬੇ ਦੇ ਹੋਰ ਜ਼ਿਲਿਆਂ ਵਿਚੋਂ ਹਨ। ਸਿੱਖਿਆ ਸਕੱਤਰ ਨੇ ਦੱਸਿਆ ਕਿ ਇਨ੍ਹਾਂ ਮੁਅੱਤਲ ਕੀਤੇ ਅਧਿਆਪਕਾਂ ਨੂੰ ਸਕੂਲ ਤੋਂ ਗੈਰ ਹਾਜ਼ਰ ਰਹਿਣ ਕਾਰਨ ਲਗਾਤਾਰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਭਾਵੇਂਕਿ ਉਹ ਇਸ ਨੋਟਿਸ ਦਾ ਜਵਾਬ ਦੇਣ ਅਤੇ ਸਕੂਲ ਵਿਚ ਹਾਜ਼ਰ ਰਹਿਣ ਵਿਚ ਅਸਫਲ ਰਹੇ। 

ਸਕੱਤਰ ਨੇ ਦੱਸਿਆ ਕਿ ਪਿਸ਼ਿਨ ਵਿਚ 200 ਤੋਂ ਵੱਧ ਅਧਿਆਪਕਾਂ ਨੂੰ, ਬੁਗਤੀ ਵਿਚ 81 ਨੂੰ ਅਤੇ ਹੋਰ ਅਧਿਆਪਕਾਂ ਨੂੰ ਵੱਖ-ਵੱਖ ਜ਼ਿਲਿਆਂ ਵਿਚ ਮੁਅੱਤਲ ਕੀਤਾ ਗਿਆ। ਪੂਰੇ ਬਲੋਚਿਸਤਾਨ ਵਿਚ ਪ੍ਰਾਇਮਰੀ ਤੋਂ ਹਾਈ ਸਕੂਲ ਪੱਧਰ ਦੇ ਸਕੂਲਾਂ ਵਿਚ ਸਰਕਾਰੀ ਅਧਿਆਪਕਾਂ ਦੀ ਗਿਣਤੀ ਕਰੀਬ 70 ਹਜ਼ਾਰ ਤੋਂ ਵੱਧ ਹੈ। ਇਹ ਪਹਿਲੀ ਵਾਰ ਹੈ ਜਦੋਂ ਸੂਬੇ ਦੀ ਸਰਕਾਰ ਨੇ ਗੈਰ ਹਾਜ਼ਰ ਰਹਿਣ ਵਾਲੇ ਅਧਿਆਪਕਾਂ ਵਿਰੁੱਧ ਇੰਨੀ ਵੱਡੀ ਕਾਰਵਾਈ ਕੀਤੀ ਹੈ।

ਸਿੱਖਿਆ ਸਕੱਤਰ ਲਹਿਰੀ ਨੇ ਕਿਹਾ,''ਵੱਧਦੇ ਤਣਾਅ ਦੇ ਬਾਵਜੂਦ ਅਸੀਂ ਕਾਰਵਾਈ ਜਾਰੀ ਰੱਖਣ ਦਾ ਫੈਸਲਾ ਲਿਆ ਹੈ।'' ਇਹ ਕਾਰਵਾਈ ਸੂਚਨਾ ਅਤੇ ਵਿੱਤ ਮੰਤਰੀ ਜ਼ਹੂਰ ਬੁਲਦੀ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਦੇ ਸਿੱਖਿਆ ਸਲਾਹਕਾਰ ਮੁਹੰਮਦ ਖਾਨ ਲਹਿਰੀ ਵੱਲੋਂ ਸੂਬੇ ਵਿਚ ਸਿੱਖਿਆ ਦੀ ਸਥਿਤੀ ਦੀ ਸਮੀਖਿਆ ਲਈ ਇਕ ਮਹੱਤਵਪੂਰਣ ਬੈਠਕ ਦੇ ਬਾਅਦ ਕੀਤੀ ਗਈ।


Vandana

Content Editor

Related News