ਪਾਕਿਸਤਾਨ ਦੇ ਕਸ਼ਮੀਰ 'ਚ ਦੂਜੇ ਦਿਨ ਵੀ ਹਿੰਸਕ ਪ੍ਰਦਰਸ਼ਨ: ਲੋਕਾਂ ਨੇ ਭਾਰਤ ਤੋਂ ਮੰਗੀ ਮਦਦ(ਵੀਡੀਓ)
Sunday, May 12, 2024 - 05:08 PM (IST)
ਇਸਲਾਮਾਬਾਦ - ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਪਾਕਿਸਤਾਨੀ ਫੌਜ ਅਤੇ ਸਰਕਾਰ ਤੋਂ ਨਾਖੁਸ਼ ਲੋਕਾਂ ਨੇ ਬਗਾਵਤ ਕਰ ਦਿੱਤੀ ਹੈ। ਪੀਓਕੇ ਦੇ ਲੋਕ ਕਈ ਮੁੱਦਿਆਂ 'ਤੇ ਸੜਕਾਂ 'ਤੇ ਉਤਰ ਆਏ ਹਨ ਅਤੇ ਪਾਕਿਸਤਾਨ ਦੇ ਅੱਤਿਆਚਾਰਾਂ ਤੋਂ ਆਜ਼ਾਦੀ ਲਈ ਭਾਰਤ ਤੋਂ ਮਦਦ ਦੀ ਮੰਗ ਕਰ ਰਹੇ ਹਨ। ਪੁਲਸ ਕਾਰਵਾਈ ਦੇ ਵਿਰੋਧ ਵਿੱਚ ਮੁਜ਼ੱਫਰਾਬਾਦ ਵਿੱਚ ਹੜਤਾਲ ਦੌਰਾਨ ਕਾਰੋਬਾਰ ਅਤੇ ਆਮ ਜਨਜੀਵਨ ਠੱਪ ਹੋ ਗਿਆ। ਮੀਰਪੁਰ, ਆਜ਼ਾਦ ਜੰਮੂ ਅਤੇ ਕਸ਼ਮੀਰ (ਏਜੇਕੇ) ਵਿੱਚ ਹਿੰਸਾ ਭੜਕਣ ਤੋਂ ਬਾਅਦ ਬਾਜ਼ਾਰ, ਸਕੂਲ ਅਤੇ ਦਫ਼ਤਰ ਲਗਾਤਾਰ ਦੂਜੇ ਦਿਨ ਵੀ ਬੰਦ ਰਹੇ। ਹਾਲਾਤ ਵਿਗੜਦੇ ਦੇਖ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਆਂ ਅਤੇ ਅੱਥਰੂ ਗੈਸ ਨਾਲ ਹਮਲਾ ਕੀਤਾ।
MAXIMUM SHARE- After 1971, Pak forces surrender again. This time in front of civilian protestors in PoK.pic.twitter.com/FeAJhHwGaN
— Frontalforce 🇮🇳 (@FrontalForce) May 11, 2024
ਸ਼ਨੀਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਝੰਡਾ ਵੀ ਲਹਿਰਾਇਆ ਅਤੇ ਪਾਕਿਸਤਾਨੀ ਸਰਕਾਰ ਅਤੇ ਫੌਜ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇੱਥੋਂ ਦੇ ਲੋਕ ਪਾਕਿਸਤਾਨੀ ਸਰਕਾਰ ਦੇ ਫੈਸਲਿਆਂ ਤੋਂ ਤੰਗ ਆ ਚੁੱਕੇ ਹਨ। ਪੀਓਕੇ, ਜਿਸ ਵਿੱਚ ਕਈ ਪਣਬਿਜਲੀ ਪ੍ਰੋਜੈਕਟ ਹਨ, ਨੂੰ ਬਿਜਲੀ ਨਹੀਂ ਮਿਲ ਰਹੀ ਹੈ। ਇਸ ਦੀ ਬਿਜਲੀ ਪਾਕਿਸਤਾਨ ਦੇ ਹੋਰ ਵੱਖ-ਵੱਖ ਸ਼ਹਿਰਾਂ ਨੂੰ ਭੇਜੀ ਜਾ ਰਹੀ ਹੈ। ਵਧਦੀ ਮਹਿੰਗਾਈ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਧਰਨੇ ਦਾ ਕਾਰਨ ਵਧਦੀ ਮਹਿੰਗਾਈ ਅਤੇ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਕਰਜ਼ੇ ਦੀ ਸ਼ਰਤ ਨੂੰ ਪੂਰਾ ਕਰਨ ਲਈ ਬਿਜਲੀ ਬਿੱਲ ਵਿੱਚ ਸਬਸਿਡੀ ਖ਼ਤਮ ਕਰ ਦਿੱਤੀ ਹੈ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਕੋਲ ਆਪਣੀ ਆਰਥਿਕਤਾ ਨੂੰ ਬਚਾਉਣ ਲਈ ਆਈਐਮਐਫ ਦੇ ਕਰਜ਼ੇ ਦਾ ਹੀ ਸਹਾਰਾ ਹੈ ਪਰ ਆਈਐਮਐਫ ਵੱਲੋਂ ਕਰਜ਼ਾ ਦੇਣ ਲਈ ਜੋ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਸਰਕਾਰ ਲਈ ਆਪਣੇ ਖਰਚੇ ਦੇ ਪੈਟਰਨ ਵਿੱਚ ਸੁਧਾਰ ਕਰਨ ਦੀ ਵੀ ਸ਼ਰਤ ਹੈ। ਸਬਸਿਡੀਆਂ 'ਤੇ ਵੱਡੀ ਰਕਮ ਖਰਚ ਕੀਤੀ ਜਾਂਦੀ ਹੈ, ਇਸ ਲਈ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।