ਪਾਕਿ ਦੇ ਸਿੱਖਾਂ ਨੇ ਕੀਤੀ ਮੰਗ, ਮੁੜ ਸ਼ੁਰੂ ਕੀਤੀਆਂ ਜਾਣ ਰੇਲ ਸੇਵਾਵਾਂ

12/07/2018 2:47:55 PM

ਲਾਹੌਰ (ਏਜੰਸੀ)— ਭਾਰਤ-ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੇ ਬਾਅਦ ਕਰਤਾਰਪੁਰ ਕਾਰੀਡੋਰ ਪ੍ਰਾਜੈਕਟ ਉਸਾਰੀ ਅਧੀਨ ਹੈ। ਇਸ ਪ੍ਰਾਜੈਕਟ ਦੇ ਬਣਨ ਨਾਲ ਹੁਣ ਪਾਕਿਸਤਾਨ ਵਿਚ ਰਹਿੰਦੇ ਸਿੱਖਾਂ ਵਿਚ ਵੀ ਆਸ ਦੀ ਇਕ ਕਿਰਨ ਜਾਗੀ ਹੈ। ਹੁਣ ਪਾਕਿਸਤਾਨ ਵਿਚ ਰਹਿੰਦੇ ਸਿੱਖਾਂ ਨੇ ਮੰਗ ਕੀਤੀ ਹੈ ਕਿ ਦਰਬਾਰ ਸਾਹਿਬ ਕਰਤਾਰਪੁਰ ਰੇਲਵੇ ਸਟੇਸ਼ਨ 'ਤੇ ਸਾਲ 2005 ਤੋਂ ਬੰਦ ਰੇਲ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾਣ। ਸ਼ੁੱਕਰਵਾਰ ਨੂੰ ਲਾਹੌਰ ਤੋਂ ਇਕ ਸਮਾਚਾਰ ਏਜੰਸੀ ਨਾਲ ਫੋਨ 'ਤੇ ਗੱਲ ਕਰਦਿਆਂ ਪਾਕਿਸਤਾਨ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਕਿਹਾ,''ਭਾਵੇਂਕਿ ਕਾਰੀਡੋਰ ਬਣਨ ਦਾ ਸੁਪਨਾ ਜਲਦੀ ਹੀ ਪੂਰਾ ਹੋਣ ਵਾਲਾ ਹੈ। ਪਰ ਅਸੀਂ ਚਾਹੁੰਦੇ ਹਾਂ ਕਿ ਦਰਬਾਰ ਸਾਹਿਬ ਕਰਤਾਰਪੁਰ ਰੇਲਵੇ ਸਟੇਸ਼ਨ 'ਤੇ ਮੁਅੱਤਲ ਰੇਲ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾਣ।'' 

ਮੌਜੂਦਾ ਸਮੇਂ ਵਿਚ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂ ਸਥਾਨਕ ਬੱਸਾਂ ਜਾਂ ਕਿਰਾਏ ਤੇ ਟੈਕਸੀ ਲੈ ਕੇ ਪਹੁੰਚ ਰਹੇ ਹਨ। ਪਾਕਿਸਤਾਨ ਵਿਚ ਰਹਿੰਦੇ ਇਕ ਹੋਰ ਸਿੱਖ ਗੋਬਿੰਦ ਸਿੰਘ ਨੇ ਕਿਹਾ ਕਿ ਸਾਲ 2005 ਤੋਂ ਪਹਿਲਾਂ 5 ਤੋਂ 7 ਟਰੇਨਾਂ ਲਾਹੌਰ-ਨਾਰੋਵਾਲ-ਚੱਕ ਅਮਰੂ ਸੈਕਸ਼ਨ ਤੱਕ ਆਉਂਦੀਆਂ ਸਨ। ਪਰ ਫਿਰ ਸਰਕਾਰ ਨੇ ਤਕਰੀਬਨ 80 ਕਿਲੋਮੀਟਰ ਦੀ ਦੂਰੀ 'ਤੇ ਲਾਹੌਰ ਤੋਂ ਨਾਰੋਵਾਲ ਤੱਕ, ਨਾਰੋਵਾਲ ਤੋਂ ਕਰਤਾਰਪੁਰ ਸਾਹਿਬ ਅਤੇ ਚੱਕ ਅਮਰੂ ਤੱਕ ਰੇਲ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਜੋ ਕ੍ਰਮਵਾਰ 16 ਕਿਲੋਮੀਟਰ ਅਤੇ ਨਾਰੋਵਾਲ ਤੋਂ 52 ਕਿਲੋਮੀਟਰ ਦੂਰ ਸੀ। 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕਰਤਾਰਪੁਰ ਕਾਰੀਡੋਰ ਦੇ ਨੀਂਹ ਪੱਥਰ ਸਮਾਗਮ ਦੇ ਬਾਅਦ ਰੇਲਵੇ ਦੇ ਫੈਡਰਲ ਮੰਤਰੀ ਸ਼ੇਖ ਰਾਸ਼ਿਦ ਨੇ ਐਲਾਨ ਕੀਤਾ ਕਿ ਉਹ ਕਰਤਾਰਪੁਰ ਸਾਹਿਬ ਵਿਚ ਰੇਲਵੇ ਸਟੇਸ਼ਨ ਬਣਾਉਣ ਲਈ ਜ਼ਮੀਨ ਮੁਹੱਈਆ ਕਰਵਾਉਣਗੇ। ਸੂਤਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਬਸਤੀਵਾਦੀ ਯੁੱਗ ਦੀ ਬਣੀ ਦਰਬਾਰ ਸਾਹਿਬ ਕਰਤਾਰਪੁਰ ਰੇਲਵੇ ਸਟੇਸ਼ਨ ਦੀ ਇਮਾਰਤ ਖੰਡਰ ਬਣੀ ਹੋਈ ਹੈ।


Vandana

Content Editor

Related News