ਪਾਕਿ : ਹਾਈ ਕੋਰਟ ਵੱਲੋਂ ਨਿਮਿਰਤਾ ਮਾਮਲੇ ਦੀ ਨਿਆਂਇਕ ਜਾਂਚ ਦੇ ਆਦੇਸ਼
Wednesday, Sep 25, 2019 - 05:51 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਲਰਕਾਨਾ ਸਥਿਤ ਇਕ ਯੂਨੀਵਰਸਿਟੀ ਦੀ ਹਿੰਦੂ ਵਿਦਿਆਰਥਣ ਨਿਮਿਰਤਾ ਕੁਮਾਰੀ ਦੀ ਬੀਤੇ ਦਿਨੀਂ ਰਹੱਸਮਈ ਹਾਲਤ ਵਿਚ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ਵਿਚ ਖਾਸ ਤਰੱਕੀ ਹੋਈ ਹੈ। ਸਿੰਧ ਹਾਈ ਕੋਰਟ ਨੇ ਮਾਮਲੇ ਦੀ ਨਿਆਂਇਕ ਜਾਂਚ ਦਾ ਆਦੇਸ਼ ਦਿੱਤਾ ਹੈ। ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਿੰਧ ਹਾਈ ਕੋਰਟ ਨੇ ਲਰਕਾਨਾ ਦੇ ਸੈਸ਼ਨ ਅਤੇ ਜ਼ਿਲਾ ਜੱਜ ਨੂੰ ਚਿੱਠੀ ਲਿਖ ਕੇ ਇਹ ਆਦੇਸ਼ ਦਿੱਤਾ ਹੈ।
ਲਰਕਾਨਾ ਦੀ ਮਰਹੂਮ ਬੇਨਜ਼ੀਰ ਭੁੱਟੋ ਮੈਡੀਕਲ ਯੂਨੀਵਰਸਿਟੀ ਦੇ ਬੀਬੀ ਆਸਿਫਾ ਡੈਂਟਲ ਕਾਲਜ ਦੀ ਫਾਈਨਲ ਯੀਅਰ ਦੀ ਵਿਦਿਆਰਥਣ ਨਿਮਿਰਤਾ ਦੀ ਮੌਤ ਦੀ ਨਿਆਂਇਕ ਜਾਂਚ ਦੇ ਬਾਰੇ ਵਿਚ ਸਿੰਧ ਸਰਕਾਰ ਨੇ ਸੈਸ਼ਨ ਜੱਜ ਨੂੰ ਚਿੱਠੀ ਲਿਖੀ ਸੀ ਪਰ ਲਰਕਾਨਾ ਦੇ ਸੈਸ਼ਨ ਜੱਜ ਨੇ ਕਿਹਾ ਸੀ ਕਿ ਸਿੰਧ ਹਾਈ ਕੋਰਟ ਤੋਂ ਆਦੇਸ਼ ਮਿਲਣ 'ਤੇ ਹੀ ਉਹ ਜਾਂਚ ਸ਼ੁਰੂ ਕਰਨਗੇ। ਹੁਣ ਹਾਈ ਕੋਰਟ ਤੋਂ ਆਦੇਸ਼ ਮਿਲਣ ਦੇ ਬਾਅਦ ਜਾਂਚ ਦਾ ਰਸਤਾ ਸਾਫ ਹੋ ਗਿਆ ਹੈ।
ਇਸ ਦੌਰਾਨ ਨਿਮਿਰਤਾ ਦੀ ਕੈਮੀਕਲ ਪਰੀਖਣ ਰਿਪੋਰਟ ਰੋਹੜੀ ਦੀ ਸਰਕਾਰੀ ਲੈਬੋਰਟਰੀ ਵੱਲੋਂ ਜਾਰੀ ਕੀਤੀ ਗਈ ਹੈ। ਤਿੰਨ ਡਾਕਟਰਾਂ ਦੇ ਸੰਯੁਕਤ ਦਸਤਖਤ ਦੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਿਮਿਰਤਾ ਦੀ ਦੋ ਤਰ੍ਹਾਂ ਨਾਲ ਜਾਂਚ ਕੀਤੀ ਗਈ। ਇਨ੍ਹਾਂ ਵਿਚ ਨਿਮਿਰਤਾ ਨੂੰ ਕਿਸੇ ਤਰ੍ਹਾਂ ਦਾ ਜ਼ਹਿਰ ਦਿੱਤੇ ਜਾਣ ਦੇ ਕੋਈ ਸਬੂਤ ਨਹੀਂ ਮਿਲੇ ਹਨ ਅਤੇ ਨਾ ਹੀ ਸਰੀਰ ਵਿਚ ਕਿਸੇ ਤਰ੍ਹਾਂ ਦੇ ਨਸ਼ੀਲੇ ਪਦਾਰਥ ਦੇ ਹੋਣ ਦਾ ਸਬੂਤ ਮਿਲਿਆ ਹੈ।
ਪੁਲਸ ਸਰਜਨ ਡਾਕਟਰ ਸ਼ਮਸ ਖੋਸੋ ਨੇ ਕਿਹਾ ਕਿ ਨਿਮਿਰਤਾ ਦੀ ਹਿਸਟੋਪੈਥੋਲੌਜੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਰਿਪੋਰਟ ਦੇ ਆਉਣ ਦੇ ਬਾਅਦ ਆਖਰੀ ਪੋਸਟਮਾਰਟਮ ਰਿਪੋਰਟ ਜਾਰੀ ਕੀਤੀ ਜਾਵੇਗੀ ਅਤੇ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ। ਗੌਰਤਲਬ ਹੈ ਕਿ ਯੂਨੀਵਰਸਿਟੀ ਪ੍ਰ੍ਰਸ਼ਾਸਨ ਨੇ ਕਿਹਾ ਸੀ ਕਿ 16 ਸਤੰਬਰ ਨੂੰ ਹੋਸਟਲ ਦੇ ਕਮਰੇ ਵਿਚ ਹੋਈ ਨਿਮਿਰਤਾ ਦੀ ਮੌਤ ਦਾ ਕਾਰਨ ਖੁਦਕੁਸ਼ੀ ਲੱਗ ਰਿਹਾ ਹੈ। ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿਚ ਵੀ ਇਸੇ ਗੱਲ ਵੱਲ ਇਸ਼ਾਰਾ ਕੀਤਾ ਗਿਆ ਪਰ ਨਿਮਿਰਤਾ ਦੇ ਪਰਿਵਾਰ ਵਾਲਿਆਂ ਨੇ ਇਸ ਨੂੰ ਹੱਤਿਆ ਦਾ ਮਾਮਲਾ ਕਰਾਰ ਦਿੱਤਾ ਹੈ। ਪੁਲਸ ਨੇ ਇਸ ਮਾਮਲੇ ਵਿਚ ਹੁਣ ਤੱਕ 40 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਨਿਮਿਰਤਾ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।