ਲਾਪਤਾ ਹੋਏ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਾਮਲੇ ’ਚ ਮੋਰਿੰਡਾ ਵਿਖੇ SIT ਵੱਲੋਂ ਰੇਡ
Sunday, Jan 04, 2026 - 01:50 PM (IST)
ਮੋਰਿੰਡਾ (ਅਰਨੌਲੀ)-ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫ਼ਿਸ ਤੋਂ ਲਾਪਤਾ ਹੋਏ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ) ਵੱਲੋਂ ਜਾਂਚ ਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸ ਮਾਮਲੇ ’ਚ ਪਹਿਲਾਂ ਹੀ ਕਮੇਟੀ ਦੇ 16 ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਸ ਤੋਂ ਬਾਅਦ ਗਠਿਤ ਕੀਤੀ ਗਈ ਐੱਸ. ਆਈ. ਟੀ ਵੱਲੋਂ ਪੰਜਾਬ ਭਰ ’ਚ 15 ਹੋਰ ਥਾਵਾਂ ’ਤੇ ਰੇਡ ਕੀਤੀ ਗਈ, ਉੱਥੇ ਹੀ ਮੋਰਿੰਡਾ ਨਿਵਾਸੀ ਪਰਮਦੀਪ ਸਿੰਘ ਖੱਟੜਾ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਰਤਨਗੜ੍ਹ ਹਾਲ ਵਾਸੀ ਵਾਰਡ-6 ਨੇੜੇ ਵੇਰਕਾ ਚੌਂਕ ਮੋਰਿੰਡਾ ਦੇ ਘਰ ਵਿਖੇ ਛਾਪੇਮਾਰੀ ਕੀਤੀ ਗਈ। ਉਹ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫ਼ਿਸ ਸ੍ਰੀ ਅੰਮ੍ਰਿਤਸਰ ਦੀ ਪਬਲੀਕੇਸ਼ਨ ਬ੍ਰਾਂਚ ਦੇ ਇੰਚਾਰਜ ਸਨ। ਇਹ ਰੇਡ ਪੁਲਸ ਅਧਿਕਾਰੀਆਂ ਵੱਲੋਂ ਸਵੇਰੇ 7 ਵਜੇ ਦੇ ਕਰੀਬ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ: ਸਕੂਲਾਂ 'ਚ ਵੱਧ ਗਈਆਂ ਛੁੱਟੀਆਂ! ਹੁਣ ਇੰਨੀ ਤਾਰੀਖ਼ ਤੱਕ ਨਹੀਂ ਖੁੱਲ੍ਹਣਗੇ ਸਕੂਲ, ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ
ਰੇਡ ਦੌਰਾਨ ਪੁਲਸ ਟੀਮ ਵੱਲੋਂ ਪਰਮਦੀਪ ਸਿੰਘ ਖੱਟੜਾ ਦੇ ਘਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਇਸ ਦੌਰਾਨ ਨਾ ਤਾਂ ਕਿਸੇ ਪਰਿਵਾਰਕ ਮੈਂਬਰ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਨਾ ਹੀ ਐੱਸ. ਆਈ. ਟੀ. ਟੀਮ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਘਰ ਦੇ ਅੰਦਰ ਦਾਖ਼ਲ ਹੋਣ ਦਿੱਤਾ ਗਿਆ। ਜਾਂਚ ਟੀਮ ਵੱਲੋਂ ਜਾਂਚ ਦੀ ਕਾਰਵਾਈ ਪੂਰੀ ਸਾਵਧਾਨੀ ਅਤੇ ਗੁਪਤਤਾ ਨਾਲ ਅੱਗੇ ਵਧਾਈ ਗਈ। ਇਹ ਮਾਮਲਾ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਗਹਿਰਾ ਸਬੰਧ ਰੱਖਦਾ ਹੈ, ਜਿਸ ਕਾਰਨ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਰਹੀ। ਪ੍ਰਾਪਤ ਜਾਣਕਾਰੀ ਮੁਤਾਬਕ ਐੱਸ. ਆਈ. ਟੀ. ਟੀਮ ਵੱਲੋਂ ਪਰਮਦੀਪ ਸਿੰਘ ਖੱਟੜਾ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਹੈ ਤਾਂ ਜੋ ਲਾਪਤਾ ਹੋਏ ਸਰੂਪਾਂ ਦੇ ਮਾਮਲੇ ਨਾਲ ਜੁੜੇ ਹੋਏ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼, ਰਿਕਾਰਡ ਜਾਂ ਹੋਰ ਮਹਤੱਵਪੂਰਨ ਸਬੂਤ ਪ੍ਰਾਪਤ ਕੀਤੇ ਜਾ ਸਕਣ।
ਇਹ ਵੀ ਪੜ੍ਹੋ: ਪੰਜਾਬ 'ਚ ਬੇਅਦਬੀ ਬਾਰੇ ਕਾਨੂੰਨ ਨੂੰ ਲੈ ਕੇ ਨਵੀਂ ਅਪਡੇਟ! ਕਮੇਟੀ ਜਲਦੀ ਹੀ ਸੌਂਪੇਗੀ ਰਿਪੋਰਟ
ਜਾਂਚ ਟੀਮ ਵੱਲੋਂ ਇਸ ਮੌਕੇ ਪਰਮਦੀਪ ਸਿੰਘ ਖੱਟੜਾ ਦੇ ਵਿੱਤੀ ਲੈਣ-ਦੇਣ ਅਤੇ ਪਬਲੀਕੇਸ਼ਨ ਬ੍ਰਾਂਚ ਨਾਲ ਸਬੰਧਤ ਰਿਕਾਰਡਾਂ ’ਤੇ ਵੀ ਖ਼ਾਸ ਧਿਆਨ ਦਿੱਤਾ ਗਿਆ। ਲਗਭਗ 7 ਘੰਟੇ ਦੀ ਲੰਬੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਤੋਂ ਆਈ ਪੁਲਸ ਪਾਰਟੀ ਵਾਪਸ ਚਲੀ ਗਈ। ਸ਼ਾਇਦ ਇਸ ਜਾਂਚ ਦੌਰਾਨ ਪਰਮਦੀਪ ਸਿੰਘ ਅਤੇ ਘਰ ਤੋਂ ਪੁਲਸ ਦੇ ਹੱਥ ਕੁਝ ਲੱਗਾ ਜਾਂ ਇਸ ਸਬੰਧੀ ਜਾਂਚ ਕਰਨ ਆਏ ਪੁਲਸ ਅਧਿਕਾਰੀਆਂ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ। ਜਾਂਚ ਕਰਨ ਵਾਲੀ ਪੁਲਸ ਪਾਰਟੀ ਪਰਮਦੀਪ ਸਿੰਘ ਦੇ ਘਰ ਤੋਂ ਲਗਭਗ ਢਾਈ ਵਜੇ ਰਵਾਨਾ ਹੋ ਗਈ। ਇਸ ਦੌਰਾਨ ਜਾਂਚ ਟੀਮ ’ਚ ਸ਼ਾਮਲ ਪੁਲਸ ਅਧਿਕਾਰੀਆਂ ਵੱਲੋ ਪੱਤਰਕਾਰਾਂ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਪੜ੍ਹੋ ਨਵੀਂ ਅਪਡੇਟ! 7 ਜਨਵਰੀ ਤੱਕ ਵਿਭਾਗ ਦੀ ਵੱਡੀ ਚਿਤਾਵਨੀ, ਸਾਵਧਾਨ ਰਹਿਣ ਇਹ ਜ਼ਿਲ੍ਹੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
