ਸੁਖਪਾਲ ਖਹਿਰਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵੀਡੀਓਜ਼ ਦੀ ਫੋਰੈਂਸਿਕ ਜਾਂਚ ਦੀ ਮੰਗ
Tuesday, Jan 06, 2026 - 03:12 PM (IST)
ਚੰਡੀਗੜ੍ਹ / ਜਲੰਧਰ: ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਥਿਤ ਤੌਰ ’ਤੇ ਜੁੜੀਆਂ ਇਤਰਾਜ਼ਯੋਗ ਵੀਡੀਓਜ਼ ਦੇ ਗੰਭੀਰ ਮਾਮਲੇ ਨੂੰ ਜਨਤਕ ਮੰਚ ’ਤੇ ਲਿਆਂਦੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਖਹਿਰਾ ਨੇ ਮੰਗ ਕੀਤੀ ਕਿ ਇਨ੍ਹਾਂ ਸਾਰੀਆਂ ਵੀਡੀਓਜ਼ ਜਿਨ੍ਹਾਂ ਵਿਚ ਕੁਝ ਹਫ਼ਤੇ ਪਹਿਲਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਅਸ਼ਲੀਲ ਵੀਡੀਓਜ਼ ਵੀ ਸ਼ਾਮਲ ਹਨ ਦੀ ਅਜ਼ਾਦ, ਨਿਰਪੱਖ ਅਤੇ ਭਰੋਸੇਯੋਗ ਫੋਰੈਂਸਿਕ ਜਾਂਚ ਕਰਵਾਈ ਜਾਵੇ।
ਖਹਿਰਾ ਨੇ ਕਿਹਾ ਕਿ ਜਦੋਂ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣਗੇ, ਨਾ ਕਿ ਮੁੱਖ ਮੰਤਰੀ ਦੇ ਤੌਰ ’ਤੇ, ਤਾਂ ਇੰਨਸਾਫ਼ ਦੀ ਪਵਿਤਰਤਾ ਅਤੇ ਜਾਂਚ ਦੀ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਪਣੀ ਪੇਸ਼ੀ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਖਹਿਰਾ ਨੇ ਕਿਹਾ, “ਜੇ ਭਗਵੰਤ ਮਾਨ ਸੱਚਮੁੱਚ ਨਿਮਰਤਾ ਅਤੇ ਇਮਾਨਦਾਰੀ ਨਾਲ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਾ ਚਾਹੁੰਦੇ ਹਨ, ਤਾਂ ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਅਸਤੀਫ਼ਾ ਦੇ ਕੇ ਸਪਸ਼ਟ ਕਰਨ ਕਿ ਸਰਕਾਰੀ ਤਾਕਤ ਜਾਂ ਸਰਕਾਰੀ ਅਹੁਦਾ ਕਿਸੇ ਵੀ ਤਰ੍ਹਾਂ ਨਾਲ ਫੋਰੈਂਸਿਕ ਜਾਂਚ ਜਾਂ ਧਾਰਮਿਕ ਪ੍ਰਕਿਰਿਆ ਨੂੰ ਪ੍ਰਭਾਵਿਤ ਨਹੀਂ ਕਰੇਗੀ।”
ਖਹਿਰਾ ਨੇ ਦੋਸ਼ ਲਗਾਇਆ ਕਿ ਸੱਚਾਈ ਸਾਹਮਣੇ ਲਿਆਉਣ ਲਈ ਫੋਰੈਂਸਿਕ ਜਾਂਚ ਕਰਵਾਉਣ ਦੀ ਬਜਾਏ, ਆਮ ਆਦਮੀ ਪਾਰਟੀ ਸਰਕਾਰ ਨੇ ਬਿਨਾਂ ਕਿਸੇ ਤਕਨੀਕੀ ਤਸਦੀਕ ਦੇ ਜਲਦਬਾਜ਼ੀ ਵਿਚ ਇਨ੍ਹਾਂ ਵੀਡੀਓਜ਼ ਨੂੰ AI ਨਾਲ ਬਣੀਆਂ ਦੱਸ ਦਿੱਤਾ ਅਤੇ ਸਿਆਸੀ ਤਾਕਤ ਦੀ ਦੁਰਵਰਤੋਂ ਕਰਕੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਇਨ੍ਹਾਂ ਨੂੰ ਬਲੌਕ ਕਰਵਾਇਆ, ਜਿਸ ਨਾਲ ਜਨਤਕ ਨਿਗਰਾਨੀ ਅਤੇ ਪਾਰਦਰਸ਼ਿਤਾ ਨੂੰ ਦਬਾਇਆ ਗਿਆ। ਹੁਣ ਜਦੋਂ ਇਹ ਮਾਮਲਾ ਸਿੱਖ ਕੌਮ ਦੀ ਸਭ ਤੋਂ ਉੱਚੀ ਧਾਰਮਿਕ-ਸੰਸਾਰੀ ਅਥਾਰਟੀ ਅੱਗੇ ਆ ਗਿਆ ਹੈ, ਤਾਂ ਕਿਸੇ ਵੀ ਕਿਸਮ ਦੀ ਗੁੰਝਲ ਜਾਂ ਪਰਦਾ ਨਹੀਂ ਹੋਣਾ ਚਾਹੀਦਾ। ਸਿਰਫ਼ ਅਜ਼ਾਦ ਫੋਰੈਂਸਿਕ ਜਾਂਚ ਹੀ ਸੱਚਾਈ ਸਾਹਮਣੇ ਲਿਆ ਸਕਦੀ ਹੈ ਅਤੇ ਅਟਕਲਾਂ ਦਾ ਅੰਤ ਕਰ ਸਕਦੀ ਹੈ।
ਵੀਡੀਓ ਵਿਵਾਦ ਤੋਂ ਇਲਾਵਾ, ਖਹਿਰਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਸਿੱਖ ਪੰਥ ਨਾਲ ਜੁੜੇ ਸਭ ਤੋਂ ਸੰਵੇਦਨਸ਼ੀਲ ਅਤੇ ਦਰਦਨਾਕ ਮਾਮਲਿਆਂ ਜਿਵੇਂ 2015 ਦੀਆਂ ਬੇਅਦਬੀ ਘਟਨਾਵਾਂ, ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਦੇ ਕਤਲ, ਅਤੇ ਮੌੜ ਬੰਬ ਧਮਾਕਾ ਮਾਮਲੇ ਵਿਚ ਇੰਨਸਾਫ਼ ਨਾ ਦਿਵਾਉਣ ਅਤੇ ਜਾਣਬੁੱਝ ਕੇ ਦੇਰੀ ਲਈ ਜਵਾਬਦੇਹ ਬਣਾਉਣ। ਖਹਿਰਾ ਨੇ ਕਿਹਾ ਕਿ ਇਹ ਮਾਮਲੇ ਆਮ ਆਦਮੀ ਪਾਰਟੀ ਅਤੇ ਖ਼ੁਦ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਚ ਸੱਤਾ ਵਿਚ ਆਉਣ ਤੋਂ ਪਹਿਲਾਂ ਕੀਤੇ ਗਏ ਸਭ ਤੋਂ ਵੱਡੇ ਵਾਅਦੇ ਸਨ। ਲਗਭਗ ਚਾਰ ਸਾਲ ਬੀਤ ਜਾਣ ਬਾਵਜੂਦ, ਪੀੜਤ ਪਰਿਵਾਰਾਂ ਨੂੰ ਧੋਖੇ, ਦੇਰੀ ਅਤੇ ਝੂਠੇ ਭਰੋਸਿਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ।”
ਖਹਿਰਾ ਨੇ ਸਰਕਾਰ ਦੀ ਉਸ ਨੀਤੀ ਦੀ ਤਿੱਖੀ ਆਲੋਚਨਾ ਕੀਤੀ ਜਿਸ ਨੂੰ ਉਨ੍ਹਾਂ ਨੇ ਚੁਣਿੰਦੀ ਅਤੇ ਸਿਰਫ਼ ਦਿਖਾਵੇ ਵਾਲੀਆ ਕਾਰਵਾਈਆਂ ਕਿਹਾ। ਉਨ੍ਹਾਂ ਕਿਹਾ ਕਿ ਸਿਰਫ਼ 328 ਪਾਵਨ ਸਰੂਪਾਂ ਦੀ ਚੋਰੀ ’ਤੇ ਕਾਰਵਾਈ ਕਰਨਾ ਕਤਈ ਕਬੂਲਯੋਗ ਨਹੀਂ, ਜਦ ਤੱਕ ਬੇਅਦਬੀ ਦੇ ਅਸਲ ਸਾਜ਼ਿਸ਼ਕਾਰਾਂ ਅਤੇ ਦੋਸ਼ੀਆਂ ਜਿਨ੍ਹਾਂ ਵਿੱਚ ਡੇਰਾ ਸੱਚਾ ਸੌਦਾ ਦਾ ਮੁਖੀ ਅਤੇ ਉਸ ਦੇ ਸਾਥੀ ਵੀ ਸ਼ਾਮਲ ਹਨ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ। ਖਹਿਰਾ ਨੇ ਅਖੀਰ ਵਿਚ ਕਿਹਾ, “ਨਿਆਂ ਚੁਣਿੰਦਾ ਨਹੀਂ ਹੋ ਸਕਦਾ। ਸਿੱਖ ਕੌਮ ਖੋਖਲੇ ਕਦਮ ਕਦੇ ਵੀ ਸਵੀਕਾਰ ਨਹੀਂ ਕਰੇਗੀ। ਜਵਾਬਦੇਹੀ ਪੂਰਨ, ਨਿਰਪੱਖ ਅਤੇ ਨਿਡਰ ਹੋਣੀ ਚਾਹੀਦੀ ਹੈ।”
