ਮਾਫੀਆ ਰਿਸ਼ਵਤ ਜ਼ਰੀਏ ਨਿਆਂਪਾਲਿਕਾ ''ਤੇ ਪਾ ਰਹੇ ਦਬਾਅ : ਇਮਰਾਨ

07/14/2019 9:59:29 AM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੀਸੀਲੀਅਨ ਮਾਫੀਆ ਨਾਲ ਪਾਕਿਸਤਾਨ ਦੇ ਸ਼ੱਕੀ ਹਵਾਲਾ ਕਾਰੋਬਾਰੀਆਂ ਦੀ ਤੁਲਨਾ ਕੀਤੀ ਹੈ। ਇਮਰਾਨ ਨੇ ਕਿਹਾ ਕਿ ਉਹ ਆਪਣੇ ਇਟਾਲੀਅਨ ਹਮਰੁਤਬਿਆਂ ਦੀ ਤਰ੍ਹਾਂ ਰਿਸ਼ਵਤ, ਧਮਕੀ ਅਤੇ ਬਲੈਕਮੇਲ ਕਰ ਕੇ ਸਰਕਾਰੀ ਅਦਾਰਿਆਂ ਅਤੇ ਨਿਆਂਪਾਲਿਕਾ 'ਤੇ ਦਬਾਅ ਪਾਉਂਦੇ ਹਨ ਤਾਂ ਜੋ ਵਿਦੇਸ਼ਾਂ ਵਿਚ ਜਮਾਂ ਉਨ੍ਹਾਂ ਦੇ ਅਰਬਾਂ ਰੁਪਏ ਦੀ ਗੈਰ ਕਾਨੂੰਨੀ ਕਾਰਵਾਈ ਦੀ ਰੱਖਿਆ ਕੀਤੀ ਜਾ ਸਕੇ। ਇਮਰਾਨ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ 1990 ਦੇ ਦਹਾਕੇ ਵਿਚ ਡਕੈਤਾਂ ਵੱਲੋਂ ਕੀਤੇ ਗਏ ਬੰਬ ਧਮਾਕਿਆਂ ਦੇ ਸਬੰਧ ਵਿਚ ਇਟਲੀ ਦੇ ਸਾਬਕਾ ਰਾਸ਼ਟਰਪਤੀ ਜਿਓਰਜੀਓ ਨੈਪੋਲਿਟਾਨੋ ਵੱਲੋਂ ਦਿੱਤੀ ਗਈ ਗਵਾਹੀ ਦੇ ਬਾਰੇ ਵਿਚ 4 ਸਾਲ ਪੁਰਾਣੇ ਸਮਾਚਾਰ ਲੇਖ ਨੂੰ ਪੋਸਟ ਕਰਦਿਆਂ ਇਹ ਗੱਲਾਂ ਕਹੀਆਂ। 

ਇਮਰਾਨ ਨੇ ਕਿਹਾ,''ਸੀਸੀਲੀਅਨ ਮਾਫੀਆ ਵਾਂਗ ਪਾਕਿਸਤਾਨੀ ਮਾਫੀਆ ਰਿਸ਼ਵਤ, ਧਮਕੀ , ਬਲੈਕਮੇਲ ਅਤੇ ਦਬਾਅ ਪਾਉਣ ਦੀ ਰਣਨੀਤੀ ਅਪਨਾ ਰਹੇ ਹਨ ਤਾਂ ਜੋ ਸਰਕਾਰੀ ਅਦਾਰਿਆਂ ਅਤੇ ਨਿਆਂਪਾਲਿਕਾ 'ਤੇ ਦਬਾਅ ਪਾਇਆ ਜਾ ਸਕੇ ਅਤੇ ਵਿਦੇਸ਼ਾਂ ਵਿਚ ਜਮਾਂ ਉਨ੍ਹਾਂ ਦੇ ਅਰਬਾਂ ਰੁਪਈਆਂ ਦੀ ਰੱਖਿਆ ਹੋ ਸਕੇ।'' 

 

ਇਮਰਾਨ ਨੇ ਕਿਸੇ ਵੀ ਵਿਅਕਤੀ ਜਾਂ ਸਿਆਸੀ ਪਾਰਟੀ ਦਾ ਨਾਮ ਨਹੀਂ ਲਿਆ। ਉਨ੍ਹਾਂ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਜਵਾਬਦੇਹੀ ਅਦਾਲਤ ਦੇ ਜੱਜ ਅਰਸ਼ਦ ਮਲਿਕ ਨੇ ਇਕ ਹਲਫਨਾਮੇ ਵਿਚ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਬੇਟੇ ਹੁਸੈਨ ਨਵਾਜ਼ ਨੇ 50 ਕਰੋੜ ਰੁਪਏ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਸੀ। ਹੁਸੈਨ ਨਵਾਜ਼ ਨੇ ਦਸੰਬਰ 2018 ਵਿਚ ਅਲ-ਅਜ਼ੀਜ਼ੀਆ/ਹਿਲ ਮੇਟਲ ਇਸਟੈਬਲਿਸ਼ਮੈਂਟ ਮਾਮਲੇ ਵਿਚ ਨਵਾਜ਼ ਨੂੰ ਦੋਸ਼ੀ ਠਹਿਰਾਏ ਜਾਣ ਕਾਰਨ ਜੱਜ ਨੂੰ ਇਹ ਕਹਿੰਦਿਆਂ ਅਸਤੀਫੇ ਦੀ ਮੰਗ ਕੀਤੀ ਸੀ ਕਿ ਉਹ ਨਵਾਜ਼ ਨੂੰ ਦੋਸ਼ੀ ਠਹਿਰਾਏ ਜਾਣ ਦੇ ਅਪਰਾਧ ਤੋਂ ਨਹੀਂ ਬਚ ਸਕਦੇ। 

ਬੀਤੀ 6 ਜੁਲਾਈ ਨੂੰ ਪੀ.ਐੱਮ.ਐੱਲ.-ਐੱਨ. ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਨੇ ਇਕ ਹੈਰਾਨ ਕਰ ਦੇਣ ਵਾਲਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੱਜ ਮਲਿਕ ਨੇ ਸਵੀਕਾਰ ਕੀਤਾ ਸੀ ਕਿ ਅਲ-ਅਜ਼ੀਜ਼ੀਆ ਮਾਮਲੇ ਵਿਚ ਉਸ ਦੇ ਪਿਤਾ ਨੂੰ ਦੋਸ਼ੀ ਠਹਿਰਾਉਣ ਲਈ ਉਸ 'ਤੇ ਦਬਾਅ ਪਾਇਆ ਅਤੇ ਬਲੈਕਮੇਲ ਕੀਤਾ ਗਿਆ ਸੀ। ਪਾਰਟੀ ਦੇ ਸਮਰਥਕ ਨਾਸਿਰ ਭੱਟ ਨੇ ਜੱਜ ਦੇ ਕਥਿਤ ਬਿਆਨ ਵਾਲੇ ਵੀਡੀਓ ਨੂੰ ਇਕ ਪ੍ਰੈੱਸ ਸੰਮੇਲਨ ਦੌਰਾਨ ਦਿਖਾਇਆ ਸੀ। ਜਿਸ ਵਿਚ ਜੱਜ ਨਾਲ ਗੱਲਬਾਤ ਰਿਕਾਰਡ ਸੀ। ਇਸ ਦੇ ਠੀਕ ਅਗਲੇ ਦਿਨ ਜੱਜ ਨੇ ਦੋਸ਼ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਸ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਸੀ। ਜ਼ਿਕਰਯੋਗ ਹੈ ਕਿ ਨੈਪੋਲਿਟਾਨੋ ਨੇ ਇਸਤਗਾਸਾ ਪੱਖ ਨੂੰ ਦੱਸਿਆ ਕਿ ਹਮਲੇ ਪੂਰੇ ਸਿਸਟਮ ਨੂੰ ਅਸਥਿਰ ਕਰਨ ਦੇ ਉਦੇਸ਼ ਨਾਲ ਜ਼ਬਰੀ ਵਸੂਲੀ ਦਾ ਹਿੱਸਾ ਸਨ।


Vandana

Content Editor

Related News