ਲੁਧਿਆਣਾ ''ਚ ਫ਼ਾਇਰਿੰਗ! Instagram ''ਤੇ ਟਾਈਮ ਪਾ ਕੇ ਭਿੜੀਆਂ ਦੋ ਧਿਰਾਂ, ਇਲਾਕੇ ''ਚ ਦਹਿਸ਼ਤ

Monday, Jan 05, 2026 - 04:33 PM (IST)

ਲੁਧਿਆਣਾ ''ਚ ਫ਼ਾਇਰਿੰਗ! Instagram ''ਤੇ ਟਾਈਮ ਪਾ ਕੇ ਭਿੜੀਆਂ ਦੋ ਧਿਰਾਂ, ਇਲਾਕੇ ''ਚ ਦਹਿਸ਼ਤ

ਲੁਧਿਆਣਾ (ਰਾਜ)- ਸ਼ਹਿਰ ਵਿਚ ਸੋਸ਼ਲ ਮੀਡੀਆ ’ਤੇ ਪਨਪ ਰਹੀ ਦੁਸ਼ਮਣੀ ਹੁਣ ਸੜਕਾਂ ’ਤੇ ਖੂਨ ਵਹਾਉਣ ਲੱਗੀ ਹੈ। ਟਿੱਬਾ ਰੋਡ ਦੇ ਸ਼ਕਤੀ ਨਗਰ ਇਲਾਕੇ ’ਚ ਸ਼ਨੀਵਾਰ ਦੇਰ ਰਾਤ ਦੋ ਗੁੱਟਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਹਿੰਸਕ ਰੂਪ ਲੈ ਲਿਆ, ਜਿਥੇ ਇੰਸਟਾਗਰਾਮ ’ਤੇ ਇਕ-ਦੂਜੇ ਨੂੰ ਦਿੱਤੀ ਗਈ ਖੁੱਲ੍ਹੀ ਚੁਣੌਤੀ ਤੋਂ ਬਾਅਦ ਦੋਵੇਂ ਧਿਰਾਂ ਆਹਮਣੇ ਸਾਹਮਣੇ ਆ ਗਈਆਂ ਦੇਖਦੇ ਹੀ ਦੇਖਦੇ ਮਾਮਲਾ ਇੰਨਾ ਵਿਗੜਿਆ ਕਿ ਗੋਲੀਆਂ ਚੱਲ ਗਈਆਂ, ਜਿਸ ਵਿਚ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।

ਇਸ ਖੂਨੀ ਝੜਪ ਵਿਚ 22 ਸਾਲ ਦੇ ਨੌਜਵਾਨ ਬਲਰਾਜ ਚੌਹਾਨ ਦੀ ਪਿੱਠ ’ਚ ਗੋਲੀ ਲੱਗੀ ਹੈ। ਗੋਲੀ ਚੱਲਣ ਦੀ ਅਾਵਾਜ਼ ਪੂਰੇ ਇਲਾਕੇ ਵਿਚ ਭੱਜ-ਦੌੜ ਅਤੇ ਦਹਿਸ਼ਤ ਫੈਲ ਗਈ। ਜ਼ਖਮੀ ਬਲਰਾਜ ਨੂੰ ਤਰੰਤ ਸੀ. ਐੱਮ. ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਅਨੁਸਾਰ ਉੁਸ ਦੀ ਹਾਲਤ ਫਿਲਹਾਲ ਸਥਿਰ ਹੈ। ਜਾਣਕਾਰੀ ਅਨੁਸਾਰ ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਝੜਪ ਅਚਾਨਕ ਨਹੀਂ ਹੋਈ। ਦੋਵਾਂ ਸਮੂਹਾਂ ਵਿਚਕਾਰ ਤਣਾਅ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਜੋ ਇੰਸਟਾਗ੍ਰਾਮ ’ਤੇ ਧਮਕੀਆਂ ਅਤੇ ਚੁਣੌਤੀਆਂ ਦੇ ਰੂਪ ਵਿਚ ਪ੍ਰਗਟ ਹੋਇਆ। ਸੋਸ਼ਲ ਮੀਡੀਆ ’ਤੇ ਜਵਾਬੀ ਕਾਰਵਾਈ ਲਈ ਧਮਕੀਆਂ ਦੇਣ ਤੋਂ ਬਾਅਦ ਦੋਵੇਂ ਸਮੂਹ ਸ਼ਨੀਵਾਰ ਰਾਤ ਨੂੰ 12.30 ਵਜੇ ਦੇ ਕਰੀਬ ਸ਼ਕਤੀ ਨਗਰ ’ਚ ਇਕੱਠੇ ਹੋਏ।

ਇਕ ਸਮੂਹ ਕਥਿਤ ਤੌਰ ’ਤੇ ਚਾਕੂਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸੀ, ਜਦੋਂ ਕਿ ਦੂਜੇ ਸਮੂਹ ਕੋਲ ਬੰਦੂਕ ਸੀ। ਝਗੜਾ ਹਿੰਸਕ ਝੜਪ ’ਚ ਬਦਲ ਗਿਆ, ਜਿਸ ਕਾਰਨ ਗੋਲੀਬਾਰੀ ਹੋਈ। ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਚਸ਼ਮਦੀਦਾਂ ਅਨੁਸਾਰ ਦੋਵਾਂ ਧਿਰਾਂ ’ਚ ਕਾਫੀ ਹੱਥੋਪਾਈ ਹੋਈ ਅਤੇ ਸਥਿਤੀ ਵਿਗੜ ਗਈ। ਟਿੱਬਾ ਪੁਲਸ ਸਟੇਸ਼ਨ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਅਤੇ ਕਾਕਾ, ਵਿਸ਼ਨੂੰ ਅਤੇ ਚੀਨ ਨਾਮਕ 3 ਨੌਜਵਾਨਾਂ ਦੀ ਪਛਾਣ ਕੀਤੀ।

ਟਿੱਬਾ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਅਮਰਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਸਮੂਹਾਂ ਵਿਚਕਾਰ ਲੰਬੇ ਸਮੇਂ ਤੋਂ ਦੁਸ਼ਮਣੀ ਹੈ। ਉਨ੍ਹਾਂ ਵਿਚ ਪਹਿਲਾਂ ਵੀ ਝੜਪ ਹੋ ਚੁੱਕੀ ਹੈ ਅਤੇ ਸੋਸ਼ਲ ਮੀਡੀਆ ’ਤੇ ਝਗੜਾ ਜਾਰੀ ਹੈ। ਸ਼ਨੀਵਾਰ ਰਾਤ ਨੂੰ ਇਕ ਨਵੀਂ ਇੰਸਟਾਗ੍ਰਾਮ ਚੁਣੌਤੀ ਤੋਂ ਬਾਅਦ ਦੋਵੇਂ ਧਿਰਾਂ ’ਚ ਝੜਪ ਹੋਈ। ਪੁਲਸ ਦਾ ਕਹਿਣਾ ਹੈ ਕਿ ਗੋਲੀਬਾਰੀ ਕਰਨ ਵਾਲਾ ਸਮੂਹ ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਰਿਹਾ ਹੈ। ਨਾਮਜ਼ਦ ਮੁਲਜ਼ਮਾਂ ਵਿਚੋਂ ਕਾਕਾ ਪਹਿਲਾਂ ਵੀ ਗੋਲੀਬਾਰੀ ਦੇ ਇਕ ਮਾਮਲੇ ’ਚ ਦੋਸ਼ੀ ਹੈ। ਹੋਰ ਸ਼ੱਕੀਆਂ ਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੁਲਸ ਟੀਮਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਇਲਾਕਿਆਂ ’ਚ ਛਾਪੇਮਾਰੀ ਕਰ ਰਹੀਆਂ ਹਨ। ਇਹ ਘਟਨਾ ਇਕ ਵਾਰ ਫਿਰ ਸਾਬਤ ਕਰਦੀ ਹੈ ਕਿ ਵਧ ਰਹੀ ਗੈਂਗ ਹਿੰਸਾ ਅਤੇ ਸੋਸ਼ਲ ਮੀਡੀਆ ’ਤੇ ਖੁੱਲ੍ਹੀਆਂ ਧਮਕੀਆਂ ਸ਼ਹਿਰ ਦੇ ਕਾਨੂੰਨ ਵਿਵਸਥਾ ਲਈ ਇਕ ਗੰਭੀਰ ਚੁਣੌਤੀ ਬਣ ਰਹੀਆਂ ਹਨ।
 


author

Anmol Tagra

Content Editor

Related News