ਪਾਕਿ : 100 ਸਾਲ ਪੁਰਾਣੇ ਹਿੰਦੂ ਮੰਦਰ ''ਤੇ ਅਣਪਛਾਤੇ ਲੋਕਾਂ ਨੇ ਕੀਤਾ ਹਮਲਾ
Monday, Mar 29, 2021 - 12:05 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਖੇ ਗੈਰੀਸਨ ਸ਼ਹਿਰ ਰਾਵਲਪਿੰਡੀ ਵਿਚ ਨਵੀਨੀਕਰਨ ਅਧੀਨ ਚੱਲ ਰਹੇ 100 ਸਾਲ ਪੁਰਾਣੇ ਇਕ ਹਿੰਦੂ ਮੰਦਰ ‘ਤੇ ਅਣਪਛਾਤੇ ਲੋਕਾਂ ਦੇ ਇਕ ਸਮੂਹ ਨੇ ਹਮਲਾ ਕੀਤਾ ਹੈ।ਇਸ ਸੰਬੰਧੀ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ ਗਈ ਹੈ। ਪੁਲਸ ਨੂੰ ਕੀਤੀ ਸ਼ਿਕਾਇਤ ਅਨੁਸਾਰ ਇਹ ਘਟਨਾ ਸ਼ਨੀਵਾਰ ਨੂੰ ਸ਼ਹਿਰ ਦੇ ਪੁਰਾਣਾ ਕਿਲਾ ਇਲਾਕੇ ਵਿਚ ਵਾਪਰੀ, ਜਦੋਂ 10 ਤੋਂ 15 ਲੋਕਾਂ ਨੇ ਸ਼ਾਮ 7.30 ਵਜੇ ਮੰਦਰ ‘ਤੇ ਹਮਲਾ ਕੀਤਾ ਅਤੇ ਉਪਰਲੇ ਮੰਜ਼ਿਲ ਦੇ ਮੁੱਖ ਦਰਵਾਜ਼ੇ ਅਤੇ ਇੱਕ ਹੋਰ ਦਰਵਾਜ਼ੇ ਦੇ ਨਾਲ-ਨਾਲ ਪੌੜੀਆਂ ਨੂੰ ਵੀ ਨੁਕਸਾਨ ਪਹੁੰਚਾਇਆ।
ਡਾਨ ਅਖ਼ਬਾਰ ਨੇ ਦੱਸਿਆ ਹੈ ਕਿ ਇਵੈਕਯੂ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.), ਉੱਤਰੀ ਜ਼ੋਨ ਦੇ ਸੁਰੱਖਿਆ ਅਧਿਕਾਰੀ ਸਯਦ ਰਜ਼ਾ ਅੱਬਾਸ ਜ਼ੈਦੀ ਨੇ ਰਾਵਲਪਿੰਡੀ ਦੇ ਬੰਨੀ ਥਾਣੇ ਵਿਚ ਐਫ.ਆਈ.ਆਰ. ਦਰਜ ਕਰਵਾਈ, ਜਿਸ ਵਿਚ ਕਿਹਾ ਗਿਆ ਕਿ ਪਿਛਲੇ ਇਕ ਮਹੀਨੇ ਤੋਂ ਮੰਦਰ ਦੀ ਉਸਾਰੀ ਅਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਮੰਦਰ ਦੇ ਸਾਹਮਣੇ ਕੁਝ ਨਾਜਾਇਜ਼ ਕਬਜ਼ੇ ਸਨ, ਜੋ 24 ਮਾਰਚ ਨੂੰ ਹਟਾਏ ਗਏ ਸਨ। ਹਾਲਾਂਕਿ, ਮੰਦਰ ਵਿਚ ਧਾਰਮਿਕ ਰਸਮਾਂ ਸ਼ੁਰੂ ਨਹੀਂ ਕੀਤੀਆਂ ਗਈਆਂ ਹਨ ਅਤੇ ਨਾ ਹੀ ਕੋਈ ਬੁੱਤ ਜਾਂ ਕੋਈ ਹੋਰ ਪੂਜਾ-ਸਮੱਗਰੀ ਰੱਖੀ ਗਈ ਸੀ। ਉਹਨਾਂ ਨੇ ਉਨ੍ਹਾਂ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ, ਜਿਨ੍ਹਾਂ ਨੇ ਮੰਦਰ ਅਤੇ ਇਸ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚਾਇਆ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦਿੱਤੀਆਂ ਹੋਲੀ ਦੀਆਂ ਸ਼ੁੱਭਕਾਮਨਾਵਾਂ
ਇਸ ਤੋਂ ਪਹਿਲਾਂ ਅਣਪਛਾਤੇ ਮਾਫੀਆ ਨੇ ਕਾਫ਼ੀ ਸਮੇਂ ਤੋਂ ਦੁਕਾਨਾਂ ਅਤੇ ਕੋਠੇ ਬਣਾ ਕੇ ਮੰਦਰ ਦੇ ਆਲੇ-ਦੁਆਲੇ ਦੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਸੀ। ਪੁਲਸ ਦੀ ਸਹਾਇਤਾ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲ ਹੀ ਵਿਚ ਸਾਰੇ ਕਬਜ਼ੇ ਹਟਾਏ ਹਨ। ਮੰਦਰ ਨੂੰ ਕਬਜ਼ੇ ਤੋਂ ਮੁਕਤ ਕਰਾਉਣ ਤੋਂ ਬਾਅਦ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਮੰਦਰ ਦੇ ਪ੍ਰਬੰਧਕ ਓਮ ਪ੍ਰਕਾਸ਼ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੂਚਨਾ ਮਿਲਦਿਆਂ ਹੀ ਰਾਵਲਪਿੰਡੀ ਪੁਲਸ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ‘ਚ ਲੈ ਲਿਆ।
ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਦੱਸਿਆ ਕਿ ਪ੍ਰਕਾਸ਼ ਨੇ ਕਿਹਾ ਕਿ ਸੁਰੱਖਿਆ ਲਈ ਉਸ ਦੇ ਘਰ ਅਤੇ ਮੰਦਰ ਵਿਖੇ ਪੁਲਸ ਤਾਇਨਾਤ ਕੀਤੀ ਗਈ ਸੀ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਹੋਲੀ ਦਾ ਤਿਉਹਾਰ ਮੰਦਰ ਵਿਚ ਨਹੀਂ ਹੋਵੇਗਾ।ਇੱਥੇ ਦੱਸ ਦਈਏ ਕਿ ਹਿੰਦੂ ਪਾਕਿਸਤਾਨ ਵਿਚ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹਨ। ਸਰਕਾਰੀ ਅਨੁਮਾਨਾਂ ਅਨੁਸਾਰ ਪਾਕਿਸਤਾਨ ਵਿਚ 75 ਲੱਖ ਹਿੰਦੂ ਰਹਿੰਦੇ ਹਨ। ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਹਮਲੇ ਆਮ ਹਨ। ਪਿਛਲੇ ਸਾਲ ਦਸੰਬਰ ਵਿਚ, ਖੈਬਰ-ਪਖਤੂਨਖਵਾ ਸੂਬੇ ਦੇ ਕਰਕ ਜ਼ਿਲ੍ਹੇ ਵਿਚ ਇਕ ਭੀੜ ਨੇ ਇਕ ਸ਼ਰਧਾਲੂ ਹਿੰਦੂ ਧਰਮ ਅਸਥਾਨ 'ਤੇ ਹਮਲਾ ਕੀਤਾ ਸੀ ਅਤੇ ਇਸ ਨੂੰ ਨੁਕਸਾਨ ਪਹੁੰਚਾਇਆ ਸੀ।
ਨੋਟ- ਪਾਕਿ : 100 ਸਾਲ ਪੁਰਾਣੇ ਹਿੰਦੂ ਮੰਦਰ 'ਤੇ ਅਣਪਛਾਤੇ ਲੋਕਾਂ ਨੇ ਕੀਤਾ ਹਮਲਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।