ਪਾਕਿਸਤਾਨ : ਅੱਤਵਾਦੀਆਂ ਦੇ ਨਿਸ਼ਾਨੇ ''ਤੇ ਹਜ਼ਾਰਾ ਭਾਈਚਾਰਾ, ਕਈ ਲੋਕਾਂ ਦੀ ਗਈ ਜਾਨ

05/13/2019 5:21:23 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਕਵੇਟਾ ਵਿਚ ਬਸਿਆ ਸ਼ੀਆ ਹਜ਼ਾਰਾ ਭਾਈਚਾਰਾ ਲੰਬੇ ਸਮੇਂ ਤੋਂ ਅੱਤਵਾਦੀ ਹਮਲਿਆਂ ਤੋਂ ਪ੍ਰੇਸ਼ਾਨ ਹੈ। ਚਾਰੋ ਪਾਸੇ ਹਥਿਆਰਬੰਦ ਚੌਕੀਆਂ ਨਾਲ ਘਿਰੇ ਹੋਣ ਦੇ ਬਾਵਜੂਦ ਇਥੇ ਲਗਾਤਾਰ ਅੱਤਵਾਦੀ ਹਮਲੇ ਹੁੰਦੇ ਰਹਿੰਦੇ ਹਨ। ਪਿਛਲੇ ਮਹੀਨੇ ਹੀ ਇਥੇ ਹੋਏ ਇਕ ਬੰਬ ਧਮਾਕੇ ਨੇ 21 ਲੋਕਾਂ ਦੀ ਜਾਨ ਲੈ ਲਈ ਸੀ, ਜਿਸ ਵਿਚ 47 ਲੋਕ ਜ਼ਖਮੀ ਹੋ ਗਏ ਸਨ। ਸ਼ੀਆ ਹਜ਼ਾਰਾ ਇਕ ਘੱਟ ਗਿਣਤੀ ਭਾਈਚਾਰਾ ਹੈ, ਜਿਸ ਦੀ ਸਭ ਤੋਂ ਜ਼ਿਆਦਾ ਆਬਾਦੀ ਕਵੇਟੀ ਵਿਚ ਹੀ ਰਹਿੰਦੀ ਹੈ। ਹੁਣ ਤੱਕ ਇਥੇ ਕਈ ਸੌ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਥੇ ਰਹਿਣ ਵਾਲੇ ਹਜ਼ਾਰਾ ਐਕਟੀਵਿਸਟ ਬੋਸਟਨ ਅਲੀ ਨੇ ਦੱਸਿਆ ਕਿ ਇਥੋਂ ਦੇ ਲੋਕ ਮਾਨਸਿਕ ਤੌਰ 'ਤੇ ਵੀ ਤਸੀਹੇ ਝੱਲ ਰਹੇ ਹਨ। ਇਹ ਲੋਕ ਹਮਲਿਆਂ ਦੇ ਡਰ ਨਾਲ ਸ਼ਹਿਰ ਵਿਚ ਕਿਤੇ ਆਉਂਦੇ-ਜਾਂਦੇ ਨਹੀਂ ਹਨ। ਇਥੇ ਲੋਕ ਹਮਲਿਆਂ ਦੀ ਵਜ੍ਹਾ ਨਾਲ ਦਹਿਸ਼ਤ ਵਿਚ ਜੀ ਰਹੇ ਹਨ। ਹਾਲਾਂਕਿ ਕਵੇਟੀ ਵਿਚ ਫੌਜਾਂ ਵਲੋਂ ਅੱਤਵਾਦੀਆਂ ਖਿਲਾਫ ਆਪ੍ਰੇਸ਼ਨ ਵੀ ਚਲਾਏ ਜਾਂਦੇ ਹਨ ਪਰ ਇਸ ਦੇ ਬਾਵਜੂਦ ਇਥੇ ਹਮਲਿਆਂ ਵਿਚ ਕਮੀ ਨਹੀਂ ਆਈ ਹੈ। ਪਾਕਿਸਤਾਨੀ ਪੈਰਾਮਿਲਟਰੀ ਫੋਰਸਿਜ਼ ਆਤਮਘਾਤੀ ਹਮਲਿਆਂ ਨੂੰ ਰੋਕਣ ਵਿਚ ਵੀ ਨਾਕਾਮ ਹੀ ਰਹੀ ਹੈ। 2013 ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਅਤੇ ਖੇਤਰ ਵਿਚ ਇਸ ਦੇ ਸਹਿਯੋਗੀ ਸਮੂਹ ਲਸ਼ਕਰ-ਏ-ਝਾਂਗਵੀ ਵਲੋਂ ਕੀਤੇ ਗਏ ਹਮਲੇ ਵਿਚ 200 ਲੋਕਾਂ ਦੀ ਮੌਤ ਹੋ ਗਈ ਸੀ।

ਅਧਿਕਾਰੀਆਂ ਮੁਤਾਬਕ ਇਥੇ ਪਿਛਲੇ ਪੰਜ ਸਾਲਾਂ ਵਿਚ 500 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਦੋਂ ਕਿ 627 ਲੋਕ ਅੱਤਵਾਦੀ ਹਮਲਿਆਂ ਵਿਚ ਜ਼ਖਮੀ ਹੋ ਚੁੱਕੇ ਹਨ। ਇਕ ਸਥਾਨਕ ਪੁਲਸ ਅਧਿਕਾਰੀ ਰਜ਼ਾਕ ਚੀਮਾ ਨੇ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਭਾਈਚਾਰੇ ਦੀ ਸੁਰੱਖਿਆ ਵਿਚ ਲੱਗੇ ਕਈ ਪੁਲਸ ਅਧਿਕਾਰੀ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕਈ ਅੱਤਵਾਦੀਆਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਅਤੇ ਕਈ ਨੂੰ ਉਨ੍ਹਾਂ ਦੇ ਨਾਪਾਕ ਇਰਾਦਿਆਂ ਦੇ ਚੱਲਦੇ ਮਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੋਰ ਵੀ ਕਈ ਸਮੂਹ ਹੁਣ ਉਭਰਣ ਲੱਗੇ ਹਨ ਪਰ ਅਸੀਂ ਉਨ੍ਹਾਂ ਨੂੰ ਟ੍ਰੈਕ ਕਰਕੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਬਾਜ਼ਾਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਅਤੇ ਬੈਰੀਅਰਸ ਲਗਾਉਣ ਦੀ ਵੀ ਯੋਜਨਾ ਹੈ। ਪਾਕਿਸਤਾਨ ਦੇ ਰੋਜ਼ਾਨਾ ਅਖਬਾਰ ਵਿਚ ਪ੍ਰੋਫੈਸਰ ਅਤੇ ਐਕਟੀਵਿਸਟ ਮੁਹੰਮਦ ਅਮਾਨ ਨੇ ਹਜ਼ਾਰਾ ਭਾਈਚਾਰੇ 'ਤੇ ਇਕ ਲੇਖ ਲਿਖਿਆ ਹੈ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਜੇਕਰ ਹਰ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਮੌਜੂਦ ਸੁਰੱਖਿਆ ਦਸਤਿਆਂ ਦੀਆਂ ਚੌਕੀਆਂ ਇਨ੍ਹਾਂ ਨੂੰ ਰੋਕਣ ਵਿਚ ਅਸਫਲ ਹਨ ਤਾਂ ਕੀ ਸੀਸੀਟੀਵੀ ਕੈਮਰਾ ਅਤੇ ਬੈਰੀਅਰਸ ਕੁਝ ਕਰ ਸਕਣਗੇ। ਹਜ਼ਾਰਾ ਭਾਈਚਾਰਾ ਮੱਧ ਅਫਗਾਨਿਸਤਾਨ ਵਿਚ ਪਾਇਆ ਜਾਂਦਾ ਹੈ, ਇਥੇ ਇਨ੍ਹਾਂ ਦੀ ਆਬਾਦੀ ਨੂੰ ਲੈ ਕੇ ਵਿਵਾਦ ਹੈ। ਇਹ ਲੋਕ ਸ਼ੀਆ ਹੁੰਦੇ ਹਨ ਅਤੇ ਹਜ਼ਾਰਗੀ ਉਪਭਾਸ਼ਾ ਬੋਲਦੇ ਹਨ। ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸ਼ਾਸਨ ਦੌਰਾਨ ਹਜ਼ਾਰਾ ਲੋਕਾਂ 'ਤੇ ਕਈ ਜ਼ੁਲਮ ਕੀਤੇ ਗਏ ਸਨ। ਜਿਸ ਤੋਂ ਬਾਅਦ ਇਹ ਲੋਕ ਕਾਫੀ ਵੱਡੀ ਗਿਣਤੀ ਵਿਚ ਪਾਕਿਸਤਾਨ ਵਿਚ ਆ ਕੇ ਵੱਸ ਗਏ ਸਨ। ਇਹ ਇਥੇ ਜ਼ਿਆਦਾਤਰ ਕਵੇਟਾ ਵਿਚ ਬਸੇ ਹਨ।


Sunny Mehra

Content Editor

Related News