ਪਾਕਿਸਤਾਨ ਬਣਿਆ ਕੋਰੋਨਾ ਦਾ ਗੜ੍ਹ, ਚੀਨ ਨਾਲੋਂ ਨਿਕਲਿਆ ਅੱਗੇ
Thursday, Jun 04, 2020 - 03:40 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੀਰਵਾਰ ਨੂੰ ਚੀਨ ਤੋਂ ਜ਼ਿਆਦਾ ਹੋ ਗਏ। ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ 4,688 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਪੀੜਤਾਂ ਦੇ ਮਾਮਲੇ ਵੱਧ ਕੇ 85,246 ਹੋ ਗਏ। ਅਮਰੀਕੀ 'ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਇਨਫੈਕਸ਼ਨ ਦੇ 84,160 ਮਾਮਲਿਆਂ ਦੇ ਨਾਲ ਚੀਨ ਵਿਸ਼ਵ ਵਿਚ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ 18ਵੇਂ ਨੰਬਰ 'ਤੇ ਹੈ ਅਤੇ ਪਾਕਿਸਤਾਨ 17ਵੇਂ ਨੰਬਰ 'ਤੇ ਹੈ।
ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਹੁਣ ਤੱਕ ਪਾਕਿਸਤਾਨ ਵਿਚ ਵਾਇਰਸ ਨਾਲ 1,770 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 82 ਲੋਕਾਂ ਦੀ ਜਾਨ ਪਿਛਲੇ 24 ਘੰਟਿਆਂ ਵਿਚ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਪਿੱਛਲੇ 24 ਘੰਟਿਆਂ ਵਿਚ 4,688 ਨਵੇਂ ਮਾਮਲੇ ਵੀ ਸਾਹਮਣੇ ਆਏ। ਹੁਣ ਤੱਕ 30,128 ਲੋਕ ਠੀਕ ਵੀ ਹੋ ਚੁੱਕੇ ਹਨ।
ਦੇਸ਼ ਵਿਚ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ 32,910 ਮਾਮਲੇ ਸਿੰਧ ਸੂਬੇ ਤੋਂ, ਇਸ ਦੇ ਬਾਅਦ ਪੰਜਾਬ ਵਿਚ 31,104, ਖੈਬਰ ਪਖਤੁਨਖਵਾ ਵਿਚ 11,373, ਬਲੂਚਿਸਤਾਨ ਵਿਚ 5,224, ਇਸਲਾਮਾਬਾਦ ਤੋਂ 3,544, ਗਿਲਗਿਤ-ਬਾਲਟਿਸਤਾਨ ਤੋਂ 824, ਆਜ਼ਾਦ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲੇ) ਵਿਚ 285 ਮਾਮਲੇ ਹਨ। ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 20,167 ਨਮੂਨਿਆਂ ਦੀ ਜਾਂਚ ਵੀ ਕੀਤੀ ਗਈ। ਹੁਣ ਤੱਕ ਦੇਸ਼ ਵਿਚ 615,511 ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਚੀਨ ਦੇ ਵੁਹਾਨ ਤੋਂ ਪਿਛਲੇ ਸਾਲ ਫੈਲਣੇ ਸ਼ੁਰੂ ਹੋਏ ਇਸ ਵਾਇਰਸ ਨਾਲ ਦੁਨੀਆਭਰ ਵਿਚ ਹੁਣ ਤੱਕ 6,511,000 ਤੋਂ ਜ਼ਿਆਦਾ ਲੋਕ ਇਨਫੈਕਟਡ ਹੋ ਚੁੱਕੇ ਹਨ ਅਤੇ 3,86,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ।