ਪਾਕਿਸਤਾਨ: ਸਰਕਾਰ ਵਿਰੋਧੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ PDM ਅੱਜ ਕਰੇਗਾ ਬੈਠਕ

Monday, Nov 15, 2021 - 04:30 PM (IST)

ਪਾਕਿਸਤਾਨ: ਸਰਕਾਰ ਵਿਰੋਧੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ PDM ਅੱਜ ਕਰੇਗਾ ਬੈਠਕ

ਇਸਲਾਮਾਬਾਦ (ਵਾਰਤਾ) : ਦੇਸ਼ ਦੀਆਂ ਪ੍ਰਮੁੱਖ ਵਿਰੋਧੀ ਪਾਰੀਆਂ ਦਾ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐਮ.) ਦੇਸ਼ ਦੇ ਮੁੱਦਿਆਂ ’ਤੇ ਚਰਚਾ ਕਰਨ ਅਤੇ ਆਪਣੀ ਭਵਿੱਖ ਦੀਆਂ ਰਣਨੀਤੀਆਂ ਨੂੰ ਅੰਤਿਮ ਰੂਪ ਦੇਣ ਲਈ ਸੋਮਵਾਰ ਨੂੰ ਇਕ ਬੈਠਕ ਕਰੇਗਾ। ਜੀਓ ਟੀਵੀ ਦੀ ਇਕ ਰਿਪੋਰਟ ਮੁਤਾਬਕ ਪੀ.ਡੀ.ਐੱਮ. ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ, ਚੋਣ ਸੁਧਾਰ, ਐੱਨ.ਏ.ਬੀ. ਆਰਡੀਨੈਂਸ ਅਤੇ ਵਿਦੇਸ਼ਾਂ ਵਿਚ ਰਹਿਣ ਵਾਲੇ ਪਾਕਿਸਤਾਨੀਆਂ ਨੂੰ ਵੋਟ ਦੇਣ ਦਾ ਅਧਿਕਾਰ ਦੇਣ ਵਰਗੇ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਨ ਲਈ ਇਕ ਵਰਚੁਅਲ ਬੈਠਕ ਕਰਨਗੇ।

ਬੈਠਕ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਪੀ.ਐੱਮ.ਐੱਲ.-ਐੱਨ ਪ੍ਰਧਾਨ ਸ਼ਾਹਬਾਜ਼ ਸ਼ਰੀਫ, ਸਰਦਾਰ ਅਖਤਰ ਮੇਂਗਲ ਅਤੇ ਮਹਿਮੂਦ ਖਾਨ ਅਚਕਜ਼ਈ ਵਰਗੇ ਰਾਜਨੀਤਕ ਦਿੱਗਜ ਸ਼ਾਮਲ ਹੋਣਗੇ। ਇਸ ਬੈਠਕ ਨੂੰ ਦੁਪਹਿਰ ਬਾਅਦ ਆਯੋਜਿਤ ਕੀਤਾ ਜਾਏਗਾ। ਸ਼ਨੀਵਾਰ ਨੂੰ ਰਹਿਮਾਨ ਨੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਦੇਸ਼ ਦੀ ਹੋਂਦ ਲਈ ਲੜਨ ਲਈ ਵਚਨਬੱਧ ਹਨ ਅਤੇ ਉਨ੍ਹਾਂ ਨੂੰ ਸੰਘਰਸ਼ ਵਿਚ ਜਿੱਤ ਮਿਲੇਗੀ।

ਕਰਾਚੀ ਵਿਚ ਪੀ.ਡੀ.ਐੱਮ. ਦੀ ਇਕ ਵਿਰੋਧ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ, ‘ਅਸੀਂ ਇਸ ਲੜਾਈ ਵਿਚ ਜਿੱਤ ਹਾਸਲ ਕਰਾਂਗੇ। ਪਾਕਿਸਤਾਨ ਵਿਚ ਇਕ ਅਜਿਹੀ ਸਰਕਾਰ ਹੋਵੇਗੀ, ਜੋ ਅਸਲ ਵਿਚ ਲੋਕਾਂ ਦੀ ਪ੍ਰਤੀਨਿਧੀ ਹੋਵੇਗੀ, ਜੋ ਜਨਤਾ ਦੀਆਂ ਸਮੱਸਿਆਵਾਂ ਨੂੰ ਸਮਝੇਗੀ, ਕਿਉਂਕਿ ਇਹ ਸਰਕਾਰ ਜਨਤਾ ਦੇ ਮੁੱਦਿਆਂ ਤੋਂ ਵਾਕਿਫ਼ ਨਹੀਂ ਹੈ।’


author

cherry

Content Editor

Related News