ਜਾਪਾਨ ਸਮੇਤ ਹੋਰ ਜੀ7 ਦੇਸ਼ਾਂ ਨੇ ਰੂਸ ''ਤੇ ਵਧਾਈਆਂ ਪਾਬੰਦੀਆਂ
Saturday, Feb 25, 2023 - 03:11 PM (IST)
ਟੋਕੀਓ (ਭਾਸ਼ਾ)- ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਜੀ7 ਦੇਸ਼ਾਂ ਵਿਚ ਸ਼ਾਮਲ ਹੋਰ ਦੇਸ਼ਾਂ ਦੇ ਨੇਤਾਵਾਂ ਨੇ ਰੂਸ-ਯੂਕ੍ਰੇਨ ਯੁੱਧ ਦੇ ਇਕ ਸਾਲ ਪੂਰਾ ਹੋਣ 'ਤੇ ਆਯੋਜਿਤ ਸਮੂਹ ਦੇ ਆਨਲਾਈਨ ਸੰਮੇਲਨ ਦੌਰਾਨ ਰੂਸ 'ਤੇ ਵਾਧੂ ਪਾਬੰਦੀਆਂ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ।
ਜਾਪਾਨ ਦੇ ਵਿਦੇਸ਼ ਮੰਤਰਾਲਾ ਮੁਤਾਬਕ ਜੀ7 ਨੇ ਇਕ ਬਿਆਨ ਵਿਚ ਕਿਹਾ ਕਿ ਨੇਤਾਵਾਂ ਨੇ 'ਯੂਕ੍ਰੇਨ ਲਈ ਸਾਡੇ ਕੂਟਨੀਤਕ, ਵਿੱਤੀ ਅਤੇ ਫ਼ੌਜੀ ਸਹਾਇਤਾ ਨੂੰ ਤੇਜ਼ ਕਰਨ, ਰੂਸ ਅਤੇ ਉਸ ਦੇ ਯੁੱਧ ਦੇ ਯਤਨਾਂ ਦਾ ਸਮਰਥਨ ਕਰਨ ਵਾਲਿਆਂ 'ਤੇ ਪਾਬੰਦੀਆਂ ਵਧਾਉਣ' ਅਤੇ ਦੁਨੀਆ ਦੇ ਬਾਕੀ ਹਿੱਸਿਆਂ ਖ਼ਾਸ ਕਰਕੇ ਸਭ ਤੋਂ ਕਮਜ਼ੋਰ ਲੋਕਾਂ 'ਤੇ ਪੈਣ ਵਾਲੇ ਨਕਾਰਾਤਮਕ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।
ਜੀ7 ਵਿਚ ਜਾਪਾਨ ਦੇ ਇਲਾਵਾ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ। ਇਸ ਸਾਲ ਜੀ7 ਦੇ ਪ੍ਰਧਾਨ ਦੇ ਰੂਪ ਵਿਚ ਕਿਸ਼ਿਦਾ ਨੇ ਇਹ ਐਲਾਨ ਵੀ ਕੀਤਾ ਕਿ ਜਾਪਾਨ ਰੂਸ 'ਤੇ ਵਾਧੂ ਪਾਬੰਦੀਆਂ ਲਗਾਏਗਾ, ਜਿਸ ਵਿਚ ਕਰੀਬ 120 ਵਿਅਕਤੀਆਂ ਅਤੇ ਸੰਗਠਨਾਂ ਦੀਆਂ ਸੰਪਤੀਆਂ ਨੂੰ ਜ਼ਬਤ ਕਰਨਾ ਅਤੇ ਫ਼ੌਜੀ ਉਦੇਸ਼ਾਂ ਲਈ ਇਸਤੇਮਾਲ ਕੀਤੇ ਜਾ ਸਕਣ ਵਾਲੇ ਡਰੋਨ ਅਤੇ ਹੋਰ ਸਮੱਗਰੀਆਂ ਦੇ ਨਿਰਯਾਤ 'ਤੇ ਪਾਬੰਦੀਆਂ ਲਗਾਉਣਾ ਸ਼ਾਮਲ ਹੈ।