ਓਰੇਗਨ ਨੇ ਕੀਤਾ ਕੋਕੀਨ ਅਤੇ ਹੈਰੋਇਨ ਵਰਗੇ ਨਸ਼ਿਆਂ ਨੂੰ ਗੈਰ-ਕਾਨੂੰਨੀ ਦਾਇਰੇ ਤੋਂ ਬਾਹਰ

Thursday, Nov 05, 2020 - 10:35 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸੂਬੇ ਓਰੇਗਨ ਨੇ ਮੰਗਲਵਾਰ ਨੂੰ ਨਸ਼ੇ ਸੰਬੰਧੀ ਕਾਨੂੰਨਾਂ ਵਿਚ ਢਿੱਲ ਵਰਤਦਿਆਂ ਇਕ ਮਹੱਤਵਪੂਰਣ ਕਦਮ ਚੁੱਕਿਆ ਹੈ । ਇਸ ਦੇ ਵੋਟਰਾਂ ਨੇ ਓਰੇਗਨ ਨੂੰ ਅਜਿਹਾ ਪਹਿਲਾ ਸੂਬਾ ਬਣਾਇਆ ਹੈ, ਜਿਸਨੇ ਥੋੜ੍ਹੀ ਮਾਤਰਾ ਵਿਚ ਕੋਕੀਨ, ਹੈਰੋਇਨ ਅਤੇ ਮੈਥਾਮਫੇਟਾਮਾਈਨ ਵਰਗੀਆਂ ਨਸ਼ੀਲੀਆਂ ਵਸਤੂਆਂ ਰੱਖਣ ਨੂੰ ਕਾਨੂੰਨੀ ਰੂਪ ਦਿੱਤਾ ਹੈ।

 ਇਸ ਦੌਰਾਨ, 5 ਹੋਰ ਸੂਬਿਆਂ ਨੇ ਬਾਲਗਾਂ ਲਈ ਭੰਗ ਨੂੰ ਵੀ ਕਾਨੂੰਨੀ ਤੌਰ 'ਤੇ ਪ੍ਰਮਾਣਿਤ ਕਰ ਦਿੱਤਾ ਹੈ। ਓਰੇਗਨ ਵਲੋਂ ਡਰੱਗ ਸੰਬੰਧੀ ਇਸ ਪਹਿਲਕਦਮੀ ਨਾਲ ਘੱਟ ਮਾਤਰਾ ਵਿਚ ਇਸ ਤਰ੍ਹਾਂ ਦੇ ਨਸ਼ਿਆਂ ਨਾਲ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਮੁਕੱਦਮੇ ਵਿਚ ਜਾਣ ਤੋਂ ਛੋਟ ਮਿਲਣ ਦੇ ਨਾਲ ਅਤੇ 100 ਡਾਲਰ ਦੇ ਜੁਰਮਾਨੇ ਨਾਲ ਜੇਲ੍ਹ ਦੇ ਸਮੇਂ ਵਿਚ ਵੀ ਰਿਆਇਤ ਮਿਲੇਗੀ। 

ਇਸ ਤੋਂ ਇਲਾਵਾ ਉਨ੍ਹਾਂ ਨੂੰ ਨਸ਼ਾ ਮੁਕਤੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਵੀ ਆਗਿਆ ਹੋਵੇਗੀ। ਇਲਾਜ ਕੇਂਦਰਾਂ ਨੂੰ ਕਾਨੂੰਨੀ ਤੌਰ 'ਤੇ ਭੰਗ ਤੋਂ ਇਕੱਠੀ ਹੋਈ ਰਾਸ਼ੀ ਦੁਆਰਾ ਫੰਡ ਦਿੱਤਾ ਜਾਵੇਗਾ, ਜਿਸ ਨੂੰ ਕਈ ਸਾਲ ਪਹਿਲਾਂ ਹੀ ਓਰੇਗਨ ਵਿਚ ਮਨਜ਼ੂਰੀ ਦਿੱਤੀ ਗਈ ਸੀ। ਇਸ ਮੌਕੇ ਡਰੱਗ ਪਾਲਿਸੀ ਅਲਾਇੰਸ ਦੇ ਕਾਰਜਕਾਰੀ ਨਿਰਦੇਸ਼ਕ ਕਾਸਾਂਦਰਾ ਫਰੇਡਰਿਕ ਅਨੁਸਾਰ ਇਸ ਮਹੱਤਵਪੂਰਣ ਘੋਸ਼ਣਾ ਨਾਲ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਲਈ ਅਪਰਾਧਿਕ ਟੈਗ ਤੋਂ ਮੁਕਤੀ ਮਿਲੇਗੀ। ਇਸ ਪ੍ਰਸਤਾਵ ਦਾ ਸਮਰਥਨ ਓਰੇਗਨ ਡੈਮੋਕ੍ਰੇਟਿਕ ਪਾਰਟੀ ਦੇ ਨਾਲ ਨਾਲ ਕੁਝ ਨਰਸਾਂ ਅਤੇ ਡਾਕਟਰਾਂ ਦੀਆਂ ਐਸੋਸੀਏਸ਼ਨਾਂ ਦੁਆਰਾ ਕੀਤਾ ਵੀ ਗਿਆ ਸੀ।


Lalita Mam

Content Editor

Related News