ਤਰੇੜਾਂ ਮਿਲਣ ਤੋਂ ਬਾਅਦ 50 ਜਹਾਜ਼ਾਂ ਦਾ ਸੰਚਾਲਨ ਬੰਦ ਕੀਤਾ ਗਿਆ : ਬੋਇੰਗ

Thursday, Oct 31, 2019 - 03:25 PM (IST)

ਤਰੇੜਾਂ ਮਿਲਣ ਤੋਂ ਬਾਅਦ 50 ਜਹਾਜ਼ਾਂ ਦਾ ਸੰਚਾਲਨ ਬੰਦ ਕੀਤਾ ਗਿਆ : ਬੋਇੰਗ

ਸਿਡਨੀ — ਅਮਰੀਕੀ ਕੰਪਨੀ ਬੋਇੰਗ ਨੇ ਕਿਹਾ ਕਿ 737 ਐਨ ਜੀ ਦੇ ਜਹਾਜ਼ਾਂ ਵਿਚ ਤਰੇੜਾਂ ਮਿਲਣ ਦੇ ਬਾਅਦ ਲਗਭਗ 50 ਜਹਾਜ਼ਾਂ ਦਾ ਸੰਚਾਲਨ ਬੰਦ ਕਰਕੇ ਇਨ੍ਹਾਂ ਜਹਾਜ਼ਾਂ ਨੂੰ ਖੜ੍ਹਾ ਕਰ ਦਿੱਤਾ ਗਿਆ ਹੈ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟਰੇਲੀਆ ਦੀ ਏਅਰ ਲਾਈਨ ਕੰਪਨੀ ਕਵਾਂਟਾਸ ਨੇ ਹੁਣੇ ਜਿਹੇ ਆਪਣੇ ਇਕ ਜਹਾਜ਼ ਨੂੰ ਅਪ੍ਰੇਸ਼ਨ ਤੋਂ ਬਾਹਰ ਕੱਢ ਦਿੱਤਾ ਅਤੇ ਕਿਹਾ ਕਿ ਉਹ 32 ਹੋਰ ਜਹਾਜ਼ਾਂ ਦੀ ਤੁਰੰਤ ਜਾਂਚ ਕਰੇਗੀ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ 9 ਜਹਾਜ਼ਾਂ ਨੂੰ ਦੱਖਣੀ ਕੋਰੀਆ 'ਚ ਖੜ੍ਹਾ ਕਰ ਦਿੱਤਾ ਗਿਆ ਸੀ। ਬੋਇੰਗ ਨੇ 737 ਐੱਨ.ਜੀ. ਜਹਾਜ਼ ਦੇ ਇਕ ਹਿੱਸੇ 'ਪਿਕੇਲ ਫਾਰਕ' 'ਚ ਗੜਬੜ ਦੀ ਜਾਣਕਾਰੀ ਦਿੱਤੀ ਸੀ। ਇਕ ਹਿੱਸਾ ਫਿਊਸਲੇਜ ਨੂੰ ਜਹਾਜ਼ ਦੇ ਵਿੰਗ(ਪੰਖ) ਨਾਲ ਜੋੜਣ ਦਾ ਕੰਮ ਕਰਦਾ ਹੈ। ਇਸ ਕਾਰਨ ਅਮਰੀਕਾ ਦੀਆਂ ਰੈਗੂਲੇਟਰੀ ਏਜੰਸੀਆਂ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਜਹਾਜ਼ਾਂ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਸਨ। ਕਵਾਂਟਾਸ ਦੀ ਘੋਸ਼ਣਾ ਤੋਂ ਬਾਅਦ ਬੋਇੰਗ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਏ.ਐਫ.ਪੀ. ਨੂੰ ਦੱਸਿਆ ਕਿ 1,000 ਜਹਾਜ਼ਾਂ ਵਿਚੋਂ ਪੰਜ ਪ੍ਰਤੀਸ਼ਤ ਤੋਂ ਵੀ ਘੱਟ ਜਹਾਜ਼ਾਂ 'ਚ ਤਰੇੜਾਂ ਮਿਲੀਆਂ ਹਨ ਅਤੇ ਹੁਣ ਉਨ੍ਹਾਂ ਨੂੰ ਮੁਰੰਮਤ ਲਈ ਖੜ੍ਹਾ ਕੀਤਾ ਗਿਆ ਹੈ। ਬੁਲਾਰੇ ਨੇ ਖੜ੍ਹੇ ਕੀਤੇ ਗਏ ਹਵਾਈ ਜਹਾਜ਼ਾਂ ਦੀ ਸਹੀ ਗਿਣਤੀ ਨਹੀਂ ਦੱਸੀ ਹੈ । ਹਾਲਾਂਕਿ ਜਾਂਚ ਕੀਤੇ ਗਏ 1000 ਜਹਾਜ਼ਾਂ ਦਾ ਪੰਜ ਪ੍ਰਤੀਸ਼ਤ 50 ਦੇ ਆਸ ਪਾਸ ਬਣਦਾ ਹੈ।


Related News