ਓਂਟਾਰੀਓ ''ਚ ਕੋਰੋਨਾ ਵਾਇਰਸ ਕਾਰਨ 24 ਘੰਟੇ ''ਚ ਰਿਕਾਰਡ ਮੌਤਾਂ

06/05/2020 7:48:47 AM

ਟੋਰਾਂਟੋ— ਪਿਛਲੇ ਕਈ ਦਿਨਾਂ ਤੋਂ ਮੌਤਾਂ ਦੀ ਘੱਟ ਰਹੀ ਗਿਣਤੀ ਤੋਂ ਪਿੱਛੋਂ ਬੀਤੇ 24 ਘੰਟੇ 'ਚ ਓਂਟਾਰੀਓ ਨੇ ਮੌਤਾਂ ਦੀ ਗਿਣਤੀ 'ਚ ਵੱਡਾ ਵਾਧਾ ਦਰਜ ਕੀਤਾ ਹੈ।

ਵੀਰਵਾਰ ਨੂੰ ਓਂਟਾਰੀਓ ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਕਾਰਨ ਸੂਬੇ 'ਚ 45 ਹੋਰ ਲੋਕਾਂ ਦੀ ਮੌਤ ਹੋ ਗਈ ਹੈ। 29 ਮਈ ਤੋਂ ਬਾਅਦ ਕੋਵਿਡ-19 ਕਾਰਨ ਮੌਤਾਂ ਦੀ ਗਿਣਤੀ 'ਚ ਇਹ ਰਿਕਾਰਡ ਵਾਧਾ ਹੈ ਕਿਉਂਕਿ ਉਦੋਂ ਤੋਂ ਕਿਸੇ ਵੀ ਇਕ ਦਿਨ 'ਚ 19 ਤੋਂ ਵੱਧ ਮੌਤਾਂ ਗਿਣਤੀ ਨਹੀਂ ਟੱਪੀ ਸੀ।

ਉੱਥੇ ਹੀ, ਇਸ ਸੂਬੇ 'ਚ 356 ਹੋਰ ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਓਂਟਾਰੀਓ 'ਚ ਕੁੱਲ ਕੋਰੋਨਾ ਵਾਇਰਸ ਸੰਕ੍ਰਮਿਤਾਂ ਦੀ ਗਿਣਤੀ 29,403 ਹੋ ਗਈ ਹੈ। ਇਸ 'ਚ ਸੂਬੇ 'ਚ ਹੋ ਚੁੱਕੀਆਂ 2,357 ਮੌਤਾਂ ਅਤੇ ਠੀਕ ਹੋ ਚੁੱਕੇ 23,208 ਮਾਮਲੇ ਵੀ ਸ਼ਾਮਲ ਹਨ।
ਓਂਟਾਰੀਓ 'ਚ ਲਗਾਤਾਰ ਦੂਜੇ ਦਿਨ ਕੋਵਿਡ-19 ਦੇ ਨਵੇਂ ਮਾਮਲੇ 300 ਦੀ ਲਾਈਨ 'ਚ ਆਏ ਹਨ। ਵੀਰਵਾਰ ਨੂੰ ਜਾਰੀ ਬੁਲੇਟਿਨ ਮੁਤਾਬਕ, ਹੁਣ ਤੱਕ ਕੋਵਿਡ ਨਾਲ ਮਰੇ ਲੋਕਾਂ 'ਚੋਂ 10 ਮ੍ਰਿਤਕਾਂ ਦੀ ਉਮਰ 20 ਅਤੇ 39 ਸਾਲ ਵਿਚਕਾਰ ਸੀ। 89 ਮ੍ਰਿਤਕਾਂ ਦੀ ਉਮਰ 40 ਅਤੇ 59 ਸਾਲ ਵਿਚਕਾਰ ਸੀ, ਜਦੋਂ ਕਿ 620 ਮ੍ਰਿਤਕਾਂ ਦੀ ਉਮਰ 60 ਤੇ 79 ਸਾਲ ਵਿਚਕਾਰ ਸੀ। ਸੂਬੇ 'ਚ 19 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ 'ਚ ਕੋਈ ਮੌਤ ਦਰਜ ਨਹੀਂ ਹੋਈ ਹੈ। ਉੱਥੇ ਹੀ, 80 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸਭ ਤੋਂ ਵੱਧ 1,634 ਲੋਕ ਮਰੇ ਹਨ। ਓਂਟਾਰੀਓ ਦੇ ਹਸਪਤਾਲਾਂ 'ਚ ਇਸ ਸਮੇਂ ਕੋਵਿਡ-19 ਦੇ 776 ਮਰੀਜ਼ ਹਨ, ਜਿਨ੍ਹਾਂ 'ਚੋਂ 121 ਦੀ ਹਾਲਤ ਗੰਭੀਰ ਹੈ।


Sanjeev

Content Editor

Related News