ਰੂਸ-ਯੂਕ੍ਰੇਨ ਜੰਗ ਦਰਮਿਆਨ ਇੱਕ ਹਫ਼ਤੇ ''ਚ 10 ਲੱਖ ਲੋਕਾਂ ਨੇ ਛੱਡਿਆ ਦੇਸ਼ : UNHCR

Thursday, Mar 03, 2022 - 12:07 PM (IST)

ਰੂਸ-ਯੂਕ੍ਰੇਨ ਜੰਗ ਦਰਮਿਆਨ ਇੱਕ ਹਫ਼ਤੇ ''ਚ 10 ਲੱਖ ਲੋਕਾਂ ਨੇ ਛੱਡਿਆ ਦੇਸ਼ : UNHCR

ਜੇਨੇਵਾ (ਏਜੰਸੀ): ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਵੀਰਵਾਰ ਨੂੰ ਦੱਸਿਆ ਕਿ ਰੂਸ ਦੇ ਹਮਲੇ ਤੋਂ ਬਾਅਦ 10 ਲੱਖ ਲੋਕ ਯੂਕ੍ਰੇਨ ਛੱਡ ਕੇ ਜਾ ਚੁੱਕੇ ਹਨ। ਇਸ ਸਦੀ ਵਿੱਚ ਪਹਿਲਾਂ ਕਦੇ ਵੀ ਇੰਨੀ ਤੇਜ਼ੀ ਨਾਲ ਪਲਾਇਨ ਨਹੀਂ ਹੋਇਆ ਸੀ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨ (UNHCR) ਦੇ ਅੰਕੜਿਆਂ ਅਨੁਸਾਰ ਪਲਾਇਨ ਕਰਨ ਵਾਲੇ ਲੋਕਾਂ ਦੀ ਗਿਣਤੀ ਯੂਕ੍ਰੇਨ ਦੀ ਆਬਾਦੀ ਦਾ ਦੋ ਪ੍ਰਤੀਸ਼ਤ ਤੋਂ ਵੱਧ ਹੈ। ਵਿਸ਼ਵ ਬੈਂਕ ਦੇ ਅਨੁਸਾਰ 2020 ਦੇ ਅੰਤ ਵਿੱਚ ਯੂਕ੍ਰੇਨ ਦੀ ਆਬਾਦੀ 4 ਕਰੋੜ 40 ਲੱਖ ਸੀ। ਏਜੰਸੀ ਦਾ ਅੰਦਾਜ਼ਾ ਹੈ ਕਿ 40 ਲੱਖ ਲੋਕ ਯੂਕ੍ਰੇਨ ਤੋਂ ਪਲਾਇਨ ਕਰ ਸਕਦੇ ਹਨ ਅਤੇ ਇਹ ਗਿਣਤੀ ਉਮੀਦ ਤੋਂ ਵੱਧ ਹੋ ਸਕਦੀ ਹੈ। 

PunjabKesari

ਯੂ.ਐੱਨ.ਐੱਚ.ਸੀ.ਆਰ. ਦੇ ਬੁਲਾਰੇ ਜੋਂਗ-ਆਹ ਗੇਦੀਨੀ-ਵਿਲੀਅਮਜ਼ ਨੇ ਇੱਕ ਈਮੇਲ ਵਿੱਚ ਲਿਖਿਆ ਕਿ ਰਾਸ਼ਟਰੀ ਅਧਿਕਾਰੀਆਂ ਦੇ ਹਿਸਾਬ ਮੁਤਾਬਕ "ਸਾਡੇ ਅੰਕੜੇ ਦਰਸਾਉਂਦੇ ਹਨ ਕਿ ਮੱਧ ਯੂਰਪ ਵਿੱਚ ਅਸੀਂ ਅੱਧੀ ਰਾਤ ਨੂੰ 10 ਲੱਖ ਦਾ ਅੰਕੜਾ ਪਾਰ ਕਰ ਲਿਆ। ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਟਵੀਟ ਕੀਤਾ ਕਿ ਅਸੀਂ ਸਿਰਫ਼ ਸੱਤ ਦਿਨਾਂ ਵਿੱਚ ਯੂਕ੍ਰੇਨ ਤੋਂ ਗੁਆਂਢੀ ਦੇਸ਼ਾਂ ਵਿੱਚ 10 ਲੱਖ ਲੋਕਾਂ ਦਾ ਪਲਾਇਨ ਦੇਖਿਆ ਹੈ। ਯੂਕ੍ਰੇਨ ਛੱਡ ਕੇ ਜਾਣ ਵਾਲੇ ਇਹਨਾਂ ਲੋਕਾਂ ਵਿਚ ਸਮਾਜ ਦੇ ਜ਼ਿਆਦਾਤਰ ਕਮਜੋਰ ਵਰਗ ਦੇ ਲੋਕ ਸ਼ਾਮਲ ਹਨ ਜੋ ਪਲਾਇਨ ਸਬੰਧੀ ਖੁਦ ਫ਼ੈਸਲਾ ਲੈਣ ਵਿਚ ਸਮਰੱਥ ਨਹੀ ਹਨ ਅਤੇ ਉਹਨਾਂ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਉਨ੍ਹਾਂ ਨੂੰ ਮਦਦ ਦੀ ਲੋੜ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਬੇਰਹਿਮ ਰੂਸੀ ਪੁਲਸ, ਜੰਗ ਦਾ ਵਿਰੋਧ ਕਰ ਰਹੇ ਛੋਟੇ-ਛੋਟੇ ਬੱਚੇ ਗ੍ਰਿਫ਼ਤਾਰ

ਹੰਗਰੀ ਦੇ ਸ਼ਹਿਰ ਜਾਹੋਨੀ ਵਿਚ ਬੁੱਧਵਾਰ ਨੂੰ 200 ਤੋਂ ਵੱਧ ਦਿਵਿਆਂਗ ਯੂਕ੍ਰੇਨੀ ਪਹੁੰਚੇ, ਜੋ ਯੂਕ੍ਰੇਨ ਦੀ ਰਾਜਧਾਨੀ ਕੀਵ ਵਿੱਚ ਦੋ ਆਸਰਾ ਘਰਾਂ ਵਿੱਚ ਰਹਿੰਦੇ ਸਨ। ਸ਼ਰਨਾਰਥੀਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਵਿਚ ਬਹੁਤ ਸਾਰੇ ਅਜਿਹੇ ਲੋਕ ਸ਼ਾਮਲ ਹਨ ਜੋ ਮਾਨਸਿਕ ਜਾਂ ਸਰੀਰਕ ਤੌਰ 'ਤੇ ਅਪਾਹਜ ਹਨ ਅਤੇ ਜਿਨ੍ਹਾਂ ਨੂੰ ਰੂਸੀ ਹਮਲੇ ਕਾਰਨ ਪਨਾਹ ਕੇਂਦਰ ਛੱਡ ਕੇ ਦੇਸ਼ ਤੋਂ ਬਾਹਰ ਜਾਣਾ ਪਿਆ। ਕੀਵ ਵਿੱਚ ਸਵੈਯਾਤੋਸ਼ਿੰਸਕੀ ਅਨਾਥ ਆਸ਼ਰਮ ਦੀ ਡਾਇਰੈਕਟਰ ਲਾਰੀਸਾ ਲਿਓਨੀਡੋਵਨਾ ਨੇ ਕਿਹਾ ਕਿ ਉੱਥੇ ਰਹਿਣਾ ਸੁਰੱਖਿਅਤ ਨਹੀਂ ਸੀ। ਰਾਕੇਟ ਡਿੱਗ ਰਹੇ ਸਨ। ਉਹ ਕੀਵ 'ਤੇ ਹਮਲਾ ਕਰ ਰਹੇ ਸਨ। ਅਸੀਂ ਬੰਬਾਰੀ ਦੌਰਾਨ ਜ਼ਮੀਨਦੋਜ਼ ਜਗ੍ਹਾ 'ਤੇ ਕਈ ਘੰਟਿਆਂ ਤੋਂ ਵੱਧ ਸਮਾਂ ਬਿਤਾਇਆ।

PunjabKesari

ਸ਼ੁਰੂਆਤੀ ਅੰਕੜਿਆਂ ਅਨੁਸਾਰ, ਯੂਕ੍ਰੇਨ ਤੋਂ ਅੱਧੇ ਤੋਂ ਵੱਧ ਸ਼ਰਨਾਰਥੀ ਲਗਭਗ 5,05,000 ਲੋਕ ਪੋਲੈਂਡ ਚਲੇ ਗਏ ਹਨ, 1,16,300 ਤੋਂ ਵੱਧ ਲੋਕ ਹੰਗਰੀ ਵਿਚ ਦਾਖਲ ਹੋਏ ਹਨ ਅਤੇ 79,300 ਤੋਂ ਵੱਧ ਲੋਕ ਮੋਲਡੋਵਾ ਵਿੱਚ ਦਾਖਲ ਹੋਏ ਹਨ। ਇਨ੍ਹਾਂ ਤੋਂ ਇਲਾਵਾ 71,000 ਲੋਕ ਸਲੋਵਾਕੀਆ ਅਤੇ 69,600 ਦੇ ਕਰੀਬ ਲੋਕ ਦੂਜੇ ਯੂਰਪੀ ਦੇਸ਼ਾਂ ਵਿਚ ਜਾ ਚੁੱਕੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News