ਆਸਟ੍ਰੇਲੀਆ : ਪਾਰਟੀ ਦੌਰਾਨ ਦੋ ਵਿਅਕਤੀ ਜ਼ਖਮੀ, ਪੁਲਸ ਹੱਥ ਲੱਗੇ 3 ਸ਼ੱਕੀ
Saturday, Sep 28, 2019 - 01:59 PM (IST)

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਸ਼ੁੱਕਰਵਾਰ ਨੂੰ ਇਕ ਘਰ 'ਚ ਪਾਰਟੀ ਦੌਰਾਨ ਹੋਏ ਹਮਲੇ 'ਚ 2 ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਸ਼ੱਕ ਦੇ ਆਧਾਰ 'ਤੇ 3 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਜਾਣਕਾਰੀ ਮੁਤਾਬਕ ਪਾਲਮ ਵੈਲੀ ਰੋਡ ਨੇੜੇ ਟੁੰਬੀ ਉਂਬੀ 'ਚ ਸ਼ੁੱਕਰਵਾਰ ਰਾਤ 8 ਕੁ ਵਜੇ ਐਮਰਜੈਂਸੀ ਸਰਵਿਸਸ ਨੂੰ ਫੋਨ ਕਰਕੇ ਸੱਦਿਆ ਗਿਆ। ਨਿਊ ਸਾਊਥ ਵੇਲਜ਼ ਦੇ ਸਥਾਨਕ ਅਧਿਕਾਰੀਆਂ ਮੁਤਾਬਕ ਇੱਥੇ 300 ਤੋਂ 400 ਲੋਕ ਪਾਰਟੀ ਕਰ ਰਹੇ ਸਨ ਕਿ ਕੁੱਝ ਲੋਕ ਬਿਨਾ ਇਜਾਜ਼ਤ ਦੇ ਪਾਰਟੀ 'ਚ ਆ ਗਏ ਤੇ ਇਨ੍ਹਾਂ ਵਿਚਕਾਰ ਲੜਾਈ ਹੋ ਗਈ।
ਲੜਾਈ ਦੌਰਾਨ ਇਕ ਟੀਨੇਜਰ ਲੜਕੇ ਦੀ ਪਿੱਠ 'ਤੇ ਜਦਕਿ 50 ਸਾਲਾ ਵਿਅਕਤੀ ਦੀ ਲੱਤ 'ਤੇ ਚਾਕੂ ਵੱਜਾ। ਦੋਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਨੌਜਵਾਨ ਦੀ ਹਾਲਤ ਠੀਕ ਹੈ ਜਦਕਿ 50 ਸਾਲਾ ਵਿਅਕਤੀ ਦੀ ਹਾਲਤ ਗੰਭੀਰ ਹੈ। ਮਾਮਲੇ ਦੀ ਜਾਂਚ ਮਗਰੋਂ ਪੁਲਸ ਨੇ 3 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਇਨ੍ਹਾਂ ਤਿੰਨਾਂ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਹੋਰ ਜਾਣਕਾਰੀ ਪਤਾ ਹੋਵੇ ਤਾਂ ਉਨ੍ਹਾਂ ਨੂੰ ਜ਼ਰੂਰ ਦੱਸਣ।