ਨਿਊ ਸਾਊਥ ਵੇਲਜ਼ ਚੋਣਾਂ : ਇਹ ਮੁੱਦੇ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
Saturday, Mar 23, 2019 - 12:41 PM (IST)

ਸਿਡਨੀ— ਆਸਟ੍ਰੇਲੀਆ 'ਚ ਸੂਬਾਈ ਚੋਣਾਂ ਹੋ ਰਹੀਆਂ ਹਨ ਅਤੇ ਲੋਕਾਂ ਨੂੰ ਲੁਭਾਉਣ ਵਾਲੇ ਵਾਅਦੇ ਕਰਕੇ ਉਮੀਦਵਾਰ ਚੋਣ ਮੈਦਾਨ 'ਚ ਉੱਤਰੇ ਹਨ। ਹਰ ਪਾਰਟੀ ਵਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਜਿੱਤਣਗੇ ਤਾਂ ਦੇਸ਼ ਦਾ ਸੁਧਾਰ ਕਰਨਗੇ। ਤੁਹਾਨੂੰ ਦੱਸ ਦਈਏ ਕਿ ਇੱਥੋਂ ਦੀ ਮੁੱਖ ਮੰਤਰੀ ਭਾਵ ਪ੍ਰੀਮੀਅਰ ਗਲੈਡੀਜ਼ ਬੈਰੇਜਿਕਿਲੀਅਨ ਅਤੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਮਾਈਕਲ ਜੋਹਨ ਡੇਲੀ ਵਿਚਕਾਰ ਸਖਤ ਮੁਕਾਬਲਾ ਹੈ। ਦੋਹਾਂ ਪਾਰਟੀਆਂ ਵਲੋਂ ਵਾਅਦੇ ਕੀਤੇ ਜਾ ਰਹੇ ਹਨ ਕਿ ਉਹ ਸਕੂਲ-ਕਾਲਜ, ਹਸਪਤਾਲ ਆਦਿ ਵਰਗੀਆਂ ਸੰਸਥਾਵਾਂ ਲਈ ਵੱਡਾ ਖਰਚਾ ਕਰਕੇ ਸੁਧਾਰ ਕਰਨਗੇ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੀ ਰਾਜਨੀਤੀ 'ਚ ਇੱਥੋਂ ਦੇ ਸਿਡਨੀ ਫੁੱਟਬਾਲ ਸਟੇਡੀਅਮ ਦਾ ਵੀ ਅਹਿਮ ਰੋਲ ਹੈ ਕਿਉਂਕਿ ਇੱਥੋਂ ਦੀ ਮੌਜੂਦਾ ਮੁੱਖ ਮੰਤਰੀ ਗਲੈਡੀਜ਼ ਦਾ ਕਹਿਣਾ ਹੈ ਕਿ ਉਹ ਇਸ ਸਟੇਡੀਅਮ ਨੂੰ ਢਾਹ ਕੇ 730 ਮਿਲੀਅਨ ਡਾਲਰ ਖਰਚ ਕੇ ਇਸ ਦੀ ਮੁੜ ਉਸਾਰੀ ਕਰਨਗੇ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਮਾਈਕਲ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਨਾ ਕਰਕੇ ਸਟੇਡੀਅਮ 'ਚ ਕੁਝ ਸੁਧਾਰ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਸ ਪੈਸੇ ਨੂੰ ਸਕੂਲਾਂ ਅਤੇ ਹਸਪਤਾਲਾਂ ਦੇ ਸੁਧਾਰ ਲਈ ਖਰਚ ਕਰਨਗੇ ਤਾਂ ਕਿ ਲੋਕਾਂ ਨੂੰ ਵਧੇਰੇ ਸਹੂਲਤਾਂ ਮਿਲ ਸਕਣ।
ਭਾਰਤੀਆਂ ਦੀਆਂ ਨੇ ਇਹ ਮੰਗਾਂ—
ਭਾਰਤੀਆਂ ਸਮੇਤ ਬਹੁਤ ਸਾਰੇ ਵਿਦੇਸ਼ੀ ਲੋਕ ਵੀ ਆਸਟ੍ਰੇਲੀਆ 'ਚ ਰਹਿੰਦੇ ਹਨ। ਇੱਥੇ ਮਲਟੀਕਲਚਰਲ ਸੱਭਿਆਚਾਰ ਹੈ। ਇੱਥੇ ਰਹਿੰਦੇ ਭਾਰਤੀਆਂ ਦੀ ਮੰਗ ਹੈ ਕਿ ਪੜ੍ਹਾਈ , ਵਧ ਰਹੀ ਟ੍ਰੈਫਿਕ ਦੀ ਸਮੱਸਿਆ, ਮਾਪੇ ਬੁਲਾਉਣ ਦੀ ਪ੍ਰਕਿਰਿਆ 'ਚ ਢਿੱਲ ਆਦਿ ਵੱਲ ਵਧੇਰੇ ਸੁਧਾਰ ਦਿੱਤਾ ਜਾਵੇ। ਹਾਲਾਂਕਿ ਕੁਝ ਸੀਟਾਂ ਅਜਿਹੀਆਂ ਵੀ ਹਨ ਜੋ ਲੇਬਰ ਜਾਂ ਲਿਬਰਲ ਪਾਰਟੀ ਦਾ ਗੜ੍ਹ ਰਹੀਆਂ ਹਨ, ਜਿੱਥੋਂ ਸਿਆਸੀ ਮਾਹਰ ਕਿਆਸ ਲਗਾ ਰਹੇ ਹਨ ਕਿ ਕਿਹੜੀ ਪਾਰਟੀ ਜਿੱਤੇਗੀ।