ਵਿਦੇਸ਼ ਜਾਣ ਦੇ ਚਾਹਵਾਨ ਭਾਰਤੀਆਂ ਲਈ ਅਹਿਮ ਖ਼ਬਰ, ਅਮਰੀਕਾ ਨੇ ਦਿੱਤੀ ਵੱਡੀ ਖੁਸ਼ਖ਼ਬਰੀ

02/06/2023 1:17:04 PM

ਇੰਟਰਨੈਸ਼ਨਲ ਡੈਸਕ (ਬਿਊਰੋ): ਅਮਰੀਕਾ ਜਾਣ ਦੇ ਚਾਹਵਾਨ ਭਾਰਤੀਆਂ ਲਈ ਭਾਰਤ ਸਥਿਤ ਅਮਰੀਕੀ ਦੂਤਘਰ ਨੇ ਖੁਸ਼ਖ਼ਬਰੀ ਦਿੱਤੀ ਹੈ। ਅਮਰੀਕਾ ਨੇ ਲੰਬੇ ਸਮੇਂ ਤੋਂ ਆਪਣੇ ਵੀਜ਼ੇ ਦੀ ਉਡੀਕ ਕਰ ਰਹੇ ਭਾਰਤੀਆਂ ਲਈ ਨਵੀਂ ਸ਼ੁਰੂਆਤ ਕੀਤੀ ਹੈ। ਭਾਰਤ ਵਿੱਚ ਅਮਰੀਕੀ ਦੂਤਘਰ ਨੇ ਐਤਵਾਰ ਨੂੰ ਕਿਹਾ ਕਿ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀ ਉਸ ਦੇਸ਼ ਵਿੱਚ ਅਮਰੀਕੀ ਦੂਤਘਰ ਜਾਂ ਕੌਂਸਲੇਟ ਤੋਂ ਵੀਜ਼ਾ ਲਈ ਅਰਜ਼ੀ ਦੇ ਸਕਣਗੇ। ਗੌਰਤਲਬ ਹੈ ਕਿ ਅਮਰੀਕਾ ਦਾ ਵੀਜ਼ਾ ਲੈਣ ਲਈ ਭਾਰਤੀਆਂ ਨੂੰ ਅਜੇ ਵੀ ਅਪਾਇੰਟਮੈਂਟ ਲੈਣ ਲਈ 500 ਦਿਨਾਂ ਤੋਂ ਵੱਧ ਦਾ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।

PunjabKesari

2.5 ਲੱਖ ਤੋਂ ਵੱਧ ਵਾਧੂ ਵੀਜ਼ਾ ਮੁਲਾਕਾਤਾਂ ਕੀਤੀਆਂ ਜਾਰੀ 

ਅਮਰੀਕਾ ਦੇ ਇਕ ਸੀਨੀਅਰ ਵੀਜ਼ਾ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਭਾਰਤ 'ਚ ਲੰਬੇ ਇੰਤਜ਼ਾਰ ਨੂੰ ਖ਼ਤਮ ਕਰਨ ਲਈ ਕਾਫੀ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਵਿੱਚ ਭਾਰਤ ਵਿੱਚ ਕੌਂਸਲਰ ਅਫਸਰਾਂ ਦਾ ਇੱਕ ਕਾਡਰ ਭੇਜਣਾ ਅਤੇ ਭਾਰਤੀ ਵੀਜ਼ਾ ਬਿਨੈਕਾਰਾਂ ਲਈ ਜਰਮਨੀ ਅਤੇ ਥਾਈਲੈਂਡ ਵਿੱਚ ਵਿਦੇਸ਼ੀ ਦੂਤਘਰ ਖੋਲ੍ਹਣਾ ਸ਼ਾਮਲ ਹੈ। ਦੱਸ ਦੇਈਏ ਕਿ ਭਾਰਤ ਵਿੱਚ ਅਮਰੀਕੀ ਮਿਸ਼ਨਾਂ ਨੇ ਦੋ ਹਫ਼ਤੇ ਪਹਿਲਾਂ 2.5 ਲੱਖ ਤੋਂ ਵੱਧ ਵਾਧੂ B1 ਅਤੇ B2 ਵੀਜ਼ਾ ਅਪਾਇੰਟਮੈਂਟ ਜਾਰੀ ਕੀਤੇ ਹਨ।

ਥਾਈਲੈਂਡ ਵਿੱਚ ਵੀਜ਼ਾ ਇੰਟਰਵਿਊ ਲਈ ਉਡੀਕ ਮਿਆਦ ਸਿਰਫ਼ 14 ਦਿਨ 

ਥਾਈਲੈਂਡ ਦੀ ਉਦਾਹਰਣ ਦਿੰਦੇ ਹੋਏ ਅਮਰੀਕੀ ਦੂਤਘਰ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਉੱਥੇ ਜਾਣ ਵਾਲੇ ਭਾਰਤੀ ਬੀ1 ਅਤੇ ਬੀ2 ਵੀਜ਼ਾ (ਕਾਰੋਬਾਰ ਅਤੇ ਸੈਰ-ਸਪਾਟਾ) ਲਈ ਅਪਾਇੰਟਮੈਂਟ ਲੈ ਸਕਦੇ ਹਨ। ਰਿਪੋਰਟਾਂ ਅਨੁਸਾਰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਬੀ1 ਅਤੇ ਬੀ2 ਵੀਜ਼ਾ ਇੰਟਰਵਿਊ ਲਈ ਉਡੀਕ ਦੀ ਮਿਆਦ ਸਿਰਫ 14 ਦਿਨ ਹੈ, ਜਦੋਂ ਕਿ ਕੋਲਕਾਤਾ ਅਤੇ ਮੁੰਬਈ ਵਿੱਚ ਅਮਰੀਕੀ ਕੌਂਸਲੇਟਾਂ ਵਿੱਚ ਉਡੀਕ ਸਮਾਂ ਕ੍ਰਮਵਾਰ 589 ਅਤੇ 638 ਦਿਨ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਭਾਰਤੀ ਨੈਨੀ/ਨਰਸਾਂ ਦੀ ਭਾਰੀ ਮੰਗ, ਪੂਰਾ ਕਰੋ ਵਿਦੇਸ਼ 'ਚ ਸੈਟਲ ਹੋਣ ਦਾ ਸੁਫ਼ਨਾ

ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਤੋਂ ਅਪਲਾਈ ਕਰ ਰਹੇ ਭਾਰਤੀ

ਟਰੈਵਲ ਏਜੰਟ ਫੈਡਰੇਸ਼ਨ ਆਫ ਇੰਡੀਆ ਦੇ ਸੰਯੁਕਤ ਸਕੱਤਰ ਅਨਿਲ ਕਲਸੀ ਨੇ ਕਿਹਾ ਕਿ ਜੋ ਭਾਰਤੀ ਫੌਰੀ ਤੌਰ 'ਤੇ ਅਮਰੀਕਾ ਜਾਣਾ ਚਾਹੁੰਦੇ ਹਨ, ਉਹ ਅਮਰੀਕਾ ਦੇ ਵੀਜ਼ੇ ਲਈ ਅਰਜ਼ੀ ਦੇਣ ਲਈ ਪਹਿਲਾਂ ਹੀ ਕਿਸੇ ਹੋਰ ਦੇਸ਼ ਜਾ ਰਹੇ ਹਨ ਕਿਉਂਕਿ ਭਾਰਤ ਵਿਚ ਉਡੀਕ ਸਮਾਂ ਬਹੁਤ ਲੰਬਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਦੇ ਲੋਕ ਅਮਰੀਕਾ ਦੇ ਵੀਜ਼ੇ ਲਈ ਅਪਲਾਈ ਕਰ ਰਹੇ ਹਨ ਉਨ੍ਹਾਂ ਵਿੱਚ ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਸ਼ਾਮਲ ਹਨ।

ਅਮਰੀਕਾ ਨੇ ਵਿਸ਼ੇਸ਼ ਇੰਟਰਵਿਊ ਕੀਤੀ ਸ਼ੁਰੂ 

ਦੱਸ ਦਈਏ ਕਿ ਵੀਜ਼ਾ ਮਿਲਣ 'ਚ ਦੇਰੀ ਨੂੰ ਘੱਟ ਕਰਨ ਲਈ ਅਮਰੀਕਾ ਨੇ ਹਾਲ ਹੀ 'ਚ ਵਿਸ਼ੇਸ਼ ਇੰਟਰਵਿਊਆਂ ਕਰਵਾਉਣੀਆਂ ਸ਼ੁਰੂ ਕੀਤੀਆਂ ਹਨ। ਇਸ ਲਈ ਦਿੱਲੀ ਸਥਿਤ ਅਮਰੀਕੀ ਦੂਤਘਰ ਤੋਂ ਇਲਾਵਾ ਹੈਦਰਾਬਾਦ, ਮੁੰਬਈ, ਚੇਨਈ ਅਤੇ ਕੋਲਕਾਤਾ ਵਿੱਚ ਕੌਂਸਲਰ ਸਟਾਫ ਵਧਾ ਦਿੱਤਾ ਗਿਆ ਹੈ।ਆਉਣ ਵਾਲੇ ਮਹੀਨਿਆਂ ਵਿੱਚ ਚੋਣਵੇਂ ਸ਼ਨੀਵਾਰਾਂ ਨੂੰ ਬਿਨੈਕਾਰਾਂ ਲਈ ਵਾਧੂ ਸਲਾਟ ਖੋਲ੍ਹੇ ਜਾਣਗੇ ਅਤੇ ਕੰਮ ਦੇ ਘੰਟੇ ਹਫ਼ਤੇ ਦੇ ਦਿਨਾਂ ਵਿੱਚ ਵਧਾ ਦਿੱਤੇ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News