ਉੱਤਰੀ ਆਇਰਲੈਂਡ ''ਚ ਹਿੰਸਾ- ਬੱਸ ਹਾਈਜੈਕ ਕਰਕੇ ਲਗਾਈ ਅੱਗ, ਪ੍ਰਧਾਨ ਮੰਤਰੀ ਨੇ ਪ੍ਰਗਟਾਈ ਚਿੰਤਾ

Thursday, Apr 08, 2021 - 02:26 PM (IST)

ਗਲਾਸਗੋ/ਬੈਲਫਾਸਟ (ਮਨਦੀਪ ਖੁਰਮੀ ਹਿੰਮਤਪੁਰਾ)- ਉੱਤਰੀ ਆਇਰਲੈਂਡ ਦੇ ਬੈਲਫਾਸਟ ਵਿੱਚ ਹਿੰਸਾ ਅਤੇ ਅਸ਼ਾਂਤੀ ਦੀ ਛੇਵੀਂ ਰਾਤ ਨੂੰ ਇੱਕ ਬੱਸ ਨੂੰ ਹਾਈਜੈਕ ਕਰਕੇ ਅੱਗ ਲਗਾ ਦਿੱਤੀ ਗਈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬੈਲਫਾਸਟ ਵਿਚ ਪੁਲਸ ਅਧਿਕਾਰੀਆਂ ਅਤੇ ਇਕ ਪ੍ਰੈੱਸ ਫੋਟੋਗ੍ਰਾਫਰ ਉੱਤੇ ਹਮਲਾ ਕੀਤੇ ਜਾਣ ਸੰਬੰਧੀ ਚਿੰਤਾ ਪ੍ਰਗਟ ਕੀਤੀ ਹੈ। ਆਇਰਲੈਂਡ ਵਿੱਚ ਇਹ ਘਟਨਾਵਾਂ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਬ੍ਰੈਕਜ਼ਿਟ ਸੌਦੇ ਵਿੱਚ ਵਿਵਾਦਪੂਰਨ ਉੱਤਰੀ ਆਇਰਲੈਂਡ ਦੇ ਪ੍ਰੋਟੋਕੋਲ ਨੂੰ ਲੈ ਕੇ ਮਹੀਨਿਆਂ ਦੇ ਤਣਾਅ ਤੋਂ ਬਾਅਦ ਹੋਈਆਂ ਹਨ।

ਆਇਰਲੈਂਡ ਦੇ ਪੱਛਮੀ ਬੈਲਫਾਸਟ ਦੇ ਲੈਨਾਰਕ ਵੇਅ ਅਤੇ ਸ਼ਾਂਖਿਲ ਰੋਡ ਦੇ ਜੰਕਸ਼ਨ 'ਤੇ ਬੁੱਧਵਾਰ ਸ਼ਾਮ ਟਰਾਂਸਲਿੰਕ ਮੈਟਰੋਬਸ ਬੱਸ 'ਤੇ ਪੈਟਰੋਲ ਬੰਬ ਸੁੱਟਿਆ ਗਿਆ ਸੀ। ਸ਼ਾਂਖਿਲ ਰੋਡ ਨੂੰ ਸਪਰਿੰਗਫੀਲਡ ਰੋਡ ਨਾਲ ਜੋੜਦੀ ਪੀਸ ਲਾਈਨ ਵਾਲੀ ਗਲੀ ਵਿੱਚ ਭੀੜ ਇਕੱਠੀ ਹੁੰਦੇ ਹੀ ਘਰਾਂ ਦੀਆਂ ਖਿੜਕੀਆਂ ਨੂੰ ਵੀ ਤੋੜਿਆ ਗਿਆ। ਇਨ੍ਹਾਂ ਘਟਨਾਵਾਂ ਕਾਰਨ ਟ੍ਰਾਂਸਲਿੰਕ ਮੈਟਰੋ ਨੇ ਸੜਕ ਬੰਦ ਹੋਣ ਕਾਰਨ ਅਗਲੇ ਨੋਟਿਸ ਆਉਣ ਤੱਕ ਪੂਰਬੀ ਬੇਲਫਾਸਟ ਵਿੱਚ ਅਤੇ ਖੇਤਰ ਦੀਆਂ ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਹਨ।

ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਨੂੰ ਸੋਮਵਾਰ ਨੂੰ ਕੈਰਿਕਫਰਗਸ, ਨਿਊਟਾਉਨਬੇਬੀ ਦੇ ਹਿੱਸਿਆਂ ਵਿੱਚ ਪੈਟਰੋਲ ਬੰਬ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੇ ਇਲਾਵਾ ਆਇਰਲੈਂਡ ਵਿੱਚ ਕੋਵਿਡ ਪਾਬੰਦੀਆਂ ਦੇ ਬਾਵਜੂਦ ਪਿਛਲੇ ਸਾਲ ਵੱਡੇ ਸਸਕਾਰ ਵਿੱਚ ਸ਼ਾਮਲ ਹੋਣ 'ਤੇ ਸਿਨ ਫਿਨ ਸਿਆਸਤਦਾਨਾਂ 'ਤੇ ਮੁਕੱਦਮਾ ਨਾ ਚਲਾਉਣ ਦੇ ਫੈਸਲੇ ਤੋਂ ਬਾਅਦ ਡੀ. ਯੂ. ਪੀ. ਨੇ ਪੁਲਸ ਮੁਖੀ ਸਾਈਮਨ ਬਾਇਰਨ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ।
 


cherry

Content Editor

Related News