ਦੱਖਣੀ ਕੋਰੀਆ ਦਾ ਦਾਅਵਾ, ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ

09/25/2022 3:39:57 PM

ਸਿਓਲ (ਭਾਸ਼ਾ): ਉੱਤਰੀ ਕੋਰੀਆ ਨੇ ਐਤਵਾਰ ਨੂੰ ਆਪਣੇ ਪੂਰਬੀ ਸਮੁੰਦਰੀ ਤੱਟ ਵੱਲ ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਪਿਓਂਗਯਾਂਗ ਦਾ ਇਹ ਕਦਮ ਉਦੋਂ ਆਇਆ ਜਦੋਂ ਅਮਰੀਕਾ ਦਾ ਇੱਕ ਜਹਾਜ਼ ਕੈਰੀਅਰ ਦੱਖਣੀ ਕੋਰੀਆ ਨਾਲ ਸਾਂਝੇ ਫੌਜੀ ਅਭਿਆਸ ਲਈ ਸਿਓਲ ਪਹੁੰਚਿਆ। ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਤੋਂ ਵਧਦੇ ਖ਼ਤਰੇ ਦੇ ਮੱਦੇਨਜ਼ਰ ਅਮਰੀਕਾ ਅਤੇ ਦੱਖਣੀ ਕੋਰੀਆ ਏਸ਼ੀਆਈ ਪ੍ਰਾਇਦੀਪ 'ਤੇ ਸੰਯੁਕਤ ਫੌਜੀ ਅਭਿਆਸ ਕਰ ਰਹੇ ਹਨ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਜਨਰਲ ਕਿਮ ਸੇਂਗ-ਕਿਯੂਮ ਨੇ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਪੱਛਮੀ ਸ਼ਹਿਰ ਤਾਇਕਵੋਨ ਤੋਂ ਦਾਗੀ ਗਈ ਬੈਲਿਸਟਿਕ ਮਿਜ਼ਾਈਲ ਨੇ ਖੁੱਲ੍ਹੇ ਆਸਮਾਨ 'ਚ  60 ਕਿਲੋਮੀਟਰ ਦੀ ਉਚਾਈ 'ਤੇ ਵੱਧ ਤੋਂ ਵੱਧ 600 ਕਿਲੋਮੀਟਰ ਤੱਕ ਉਡਾਣ ਭਰੀ। 

ਦੱਖਣੀ ਕੋਰੀਆ ਦੀ ਫੌਜ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਲਾਂਚ ਦੀ ਸਖ਼ਤ ਨਿੰਦਾ ਕਰਦੇ ਹੋਏ ਇਸਨੂੰ "ਗੰਭੀਰ ਭੜਕਾਹਟ ਵਾਲਾ ਕਦਮ" ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਦੇ ਮਤਿਆਂ ਦੀ ਉਲੰਘਣਾ ਕਰਦਾ ਹੈ ਅਤੇ "ਖੇਤਰ ਅਤੇ ਵਿਆਪਕ ਅੰਤਰਰਾਸ਼ਟਰੀ ਭਾਈਚਾਰੇ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉੱਥੇ ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਂਡ ਨੇ ਕਿਹਾ ਕਿ ਮਿਜ਼ਾਈਲ ਲਾਂਚ ਨੇ ਅਮਰੀਕੀ ਕਰਮੀਆਂ ਜਾਂ ਖੇਤਰ ਵਿਚ ਸਾਡੇ ਸਹਿਯੋਗੀਆਂ ਲਈ ਫੌਰੀ ਖ਼ਤਰਾ" ਪੈਦਾ ਨਹੀਂ ਕੀਤਾ ਪਰ ਇਸ ਨੇ ਉੱਤਰੀ ਕੋਰੀਆ ਦੇ ਗੈਰ-ਕਾਨੂੰਨੀ ਪ੍ਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਪ੍ਰੋਗਰਾਮਾਂ ਦੇ ਨੁਕਸਾਨਦੇਹ ਪ੍ਰਭਾਵ ਦਾ ਪਰਦਾਫਾਸ਼ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਪੰਜਾਬੀਆਂ 'ਤੇ ਵਧ ਰਹੇ ਹਮਲੇ ਚਿੰਤਾ ਦਾ ਵਿਸ਼ਾ : ਜਸਦੀਪ ਸਿੰਘ ਜੱਸੀ

ਉੱਤਰੀ ਕੋਰੀਆ ਨੇ ਇਸ ਸਾਲ ਆਪਣੀਆਂ ਮਿਜ਼ਾਈਲ ਪ੍ਰੀਖਣ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਸਾਲ 2022 ਤੋਂ ਇਸ ਨੇ ਹੁਣ ਤੱਕ 30 ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ, ਜਿਸ ਵਿੱਚ 2017 ਤੋਂ ਬਾਅਦ ਪਹਿਲੀ ਵਾਰ ਇੱਕ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦੀ ਲਾਂਚਿੰਗ ਵੀ ਸ਼ਾਮਲ ਹੈ। ਮਿਜ਼ਾਈਲ ਦਾ ਪ੍ਰੀਖਣ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਅਮਰੀਕਾ ਦੇ ਪਰਮਾਣੂ ਸੰਚਾਲਿਤ ਜਹਾਜ਼ ਕੈਰੀਅਰ ਯੂਐਸਐਸ ਰੋਨਾਲਡ ਰੀਗਨ ਅਤੇ ਉਸ ਦਾ ਇੱਕ ਲੜਾਕੂ ਜਹਾਜ਼ ਸੰਯੁਕਤ ਫੌਜੀ ਅਭਿਆਸ ਲਈ ਦੱਖਣੀ ਕੋਰੀਆ ਪਹੁੰਚਿਆ ਹੈ। ਇਸ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਾਲਾਂਕਿ ਪ੍ਰੀਖਣ ਤੋਂ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ, ਪਰ ਟੋਕੀਓ ਉੱਤਰੀ ਕੋਰੀਆ ਦੇ ਮਿਜ਼ਾਈਲ ਲਾਂਚ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਹਵਾਈ ਜਹਾਜ਼ਾਂ ਅਤੇ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਤੋਂ ਵਧਦੇ ਖਤਰੇ ਦਾ ਮੁੱਦਾ ਅਗਲੇ ਹਫਤੇ ਸਿਓਲ ਦਾ ਦੌਰਾ ਕਰ ਰਹੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਦੁਵੱਲੀ ਬੈਠਕ ਦਾ ਮੁੱਖ ਏਜੰਡਾ ਵੀ ਹੋ ਸਕਦਾ ਹੈ। ਹੈਰਿਸ ਟੋਕੀਓ ਵਿੱਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੱਖਣੀ ਕੋਰੀਆ ਲਈ ਰਵਾਨਾ ਹੋਣਗੇ।
 


Vandana

Content Editor

Related News