ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਸੰਚਾਰ ਸੇਵਾਵਾਂ ਕੀਤੀਆਂ ਖਤਮ, ਹੌਟਲਾਈਨ ਵੀ ਬੰਦ

06/09/2020 7:00:45 PM

ਪਿਓਂਗਯਾਂਗ (ਬਿਊਰੋ): ਉੱਤਰੀ ਅਤੇ ਦੱਖਣੀ ਕੋਰੀਆ ਦੇ ਵਿਚ ਇਕ ਵਾਰ ਫਿਰ ਸੰਬੰਧਾਂ ਵਿਚ ਤਣਾਅ ਵੱਧਦਾ ਜਾ ਰਿਹਾ ਹੈ। ਦੋਵੇਂ ਦੇਸ਼ ਇਕ-ਦੂਜੇ ਲਈ ਸਖਤ ਫੈਸਲੇ ਲੈ ਰਹੇ ਹਨ। ਰਾਇਟਰਜ਼ ਦੇ ਮੁਤਾਬਕ ਇਸ ਦੌਰਾਨ ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੋਰੀਅਨ ਸੈਂਟਰਲ ਏਜੰਸੀ (ਕੇ.ਸੀ.ਐੱਨ.ਏ.) ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਪੂਰੀ ਤਰ੍ਹਾਂ ਨਾਲ ਉੱਤਰ ਅਤੇ ਦੱਖਣ ਦੇ ਵਿਚ ਬਣਾਈ ਗਈ ਸੰਪਰਕ ਲਾਈਨ ਨੂੰ ਤੋੜ ਰਿਹਾ ਹੈ ਅਤੇ ਜਲਦੀ ਹੀ ਉਸ ਨੂੰ ਬੰਦ ਕਰ ਦੇਵੇਗਾ। ਇਸ ਸੰਪਰਕ ਲਾਈਨ ਨੂੰ ਅੱਜ ਭਾਵ ਮੰਗਲਵਾਰ ਨੂੰ ਬੰਦ ਕਰ ਦਿੱਤਾ ਗਿਆ। ਇਸ ਲਾਈਨ ਨੂੰ ਉੱਤਰ ਅਤੇ ਦੱਖਣ ਦੇ ਸੰਯੁਕਤ ਸੰਪਰਕ ਦਫਤਰ ਨੂੰ ਬਣਾਈ ਰੱਖਣ ਲਈ ਸਥਾਪਿਤ ਕੀਤਾ ਗਿਆਸੀ। 

ਉੱਤਰੀ ਕੋਰੀਆ ਨੇ ਕਿਹਾ ਕਿ ਦੱਖਣੀ ਕੋਰੀਆ ਅਤੇ ਉਸ ਵਿਚਾਲੇ ਸਾਰੀਆਂ ਸੰਚਾਲ ਲਾਈਨਾਂ ਨੂੰ ਉਹ ਖਤਮ ਕਰਨ ਜਾ ਰਿਹਾ ਹੈ। ਇਸ ਵਿਚ ਦੋਹਾਂ ਦੇਸ਼ਾਂ ਦੇ ਨੇਤਾਵਾਂ ਦੇ ਵਿਚਾਲੇ ਦੀ ਹੌਟਲਾਈਨ ਵੀ ਸ਼ਾਮਲ ਹੈ।ਏਜੰਸੀ ਦੇ ਮੁਤਾਬਕ ਦੱਖਣੀ ਕੋਰੀਆ ਨੂੰ ਦੁਸ਼ਮਣ ਦੱਸਦੇ ਹੋਏ ਉੱਤਰੀ ਕੋਰੀਆ ਨੇ ਇਹ ਵੀ ਕਿਹਾ ਹੈ ਕਿ ਇਹ ਉਸ ਦੀ ਪਹਿਲੀ ਕਾਰਵਾਈ ਹੈ। ਉੱਤਰੀ ਕੋਰੀਆ ਦੇ ਸਰਹੱਦੀ ਸ਼ਹਿਰ ਕਏਸੋਂਗ ਵਿਚ ਬਣਾਏ ਗਏ ਸੰਪਰਕ ਦਫਤਰ ਨੂੰ ਵੀ ਮੰਗਲਵਾਰ ਨੂੰ ਬੰਦ ਕਰ ਦਿੱਤਾ ਜਾਵੇਗਾ। 

ਸਾਲ 2018 ਵਿਚ ਗੱਲਬਾਤ ਦੇ ਬਾਅਦ ਦੋਵੇਂ ਦੇਸ਼ਾਂ ਨੇ ਤਣਾਅ ਘੱਟ ਕਰਨ ਲਈ ਇਹ ਦਫਤਰ ਸਥਾਪਿਤ ਕੀਤਾ ਸੀ।ਹੁਣ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। 1953 ਵਿਚ ਕੋਰੀਆਈ ਯੁੱਧ ਦੀ ਸਮਾਪਤੀ ਦੇ ਬਾਅਦ ਤੋਂ ਦੋਹਾਂ ਦੇਸ਼ਾਂ ਵਿਚਾਲੇ ਕੋਈ ਸ਼ਾਂਤੀ ਸਮਝੌਤਾ ਨਹੀਂ ਹੋਇਆ ਹੈ। ਇਸ ਲਈ ਤਕਨੀਕ ਰੂਪ ਨਾਲ ਦੋਵੇਂ ਦੇਸ਼ ਹਾਲੇ ਵੀ ਯੁੱਧ ਦੇ ਦੌਰ ਵਿਚ ਹਨ। ਉੱਤਰੀ ਕੋਰੀਆ ਨੇ ਕਿਹਾ ਹੈ ਕਿ ਮਿਲਟਰੀ ਸੰਚਾਰ ਦੇ ਚੈਨਲ ਵੀ ਬੰਦ ਕਰ ਦਿੱਤੇ ਜਾਣਗੇ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਕੋਵਿਡ-19 ਮਹਾਮਾਰੀ ਦੇ ਕਾਰਨ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਕਾਰਨ ਸੰਪਰਕ ਦਫਤਰ ਜਨਵਰੀ ਵਿਚ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਭਾਵੇਂਕਿ ਦੋਹਾਂ ਦੇਸ਼ਾਂ ਵਿਚਾਲੇ ਸੰਪਰਕ ਫੋਨ ਦੇ ਜ਼ਰੀਏ ਜਾਰੀ ਸੀ। ਦੋਹਾਂ ਦੇਸ਼ਾਂ ਦੇ ਵਿਚ ਦਫਤਰ ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਨੂੰ ਦੋ ਫੋਨ ਕਾਲਾਂ ਕੀਤੀਆਂ ਜਾਂਦੀਆਂ ਸਨ। ਬੀਤੇ ਸੋਮਵਾਰ ਨੂੰ ਦੱਖਣੀ ਕੋਰੀਆ ਨੇ ਕਿਹਾ ਕਿ 21 ਮਹੀਨਿਆਂ ਵਿਚ ਪਹਿਲੀ ਵਾਰ ਸਵੇਰ ਦੀ ਕਾਲ ਦਾ ਜਵਾਬ ਨਹੀਂ ਦਿੱਤਾ ਗਿਆ ਭਾਵੇਂਕਿ ਦੁਪਹਿਰ ਨੂੰ ਸੰਪਰਕ ਹੋ ਗਿਆ ਸੀ।


Vandana

Content Editor

Related News