ਚੀਨ ਨੇ ਜਾਣਬੁੱਝ ਕੇ ਕੀਤੀ ਅਮਰੀਕੀ ਰਾਸ਼ਟਰਪਤੀ ਓਬਾਮਾ ਦੀ ਬੇਇੱਜ਼ਤੀ!

09/05/2016 6:12:42 PM

ਬੀਜਿੰਗ— ਜੀ-20 ਸੰਮੇਲਨ ''ਚ ਹਿੱਸਾ ਲੈਣ ਪੁੱਜੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਜਾਣਬੁੱਝ ਕੇ ਚੀਨ ਨੇ ਬੇਇੱਜ਼ਤੀ ਕੀਤੀ। ਸ਼ਨੀਵਾਰ ਨੂੰ ਜਦੋਂ ਓਬਾਮਾ ਦਾ ਜਹਾਜ਼ ਏਅਰਫੋਰਸ ਵਨ ਦੱਖਣੀ ਚੀਨ ਦੇ ਹਾਂਗਝੋਊ ''ਚ ਲੈਂਡ ਹੋਇਆ ਤਾਂ ਸਟੈਂਡਰਡ ਪ੍ਰੋਟੋਕਾਲ ਦੇ ਮੇਨ ਗੇਟ ''ਤੇ ਕੋਈ ਰੋਲਿੰਗ ਸਟੇਅਰਕੇਸ (ਪੌੜੀਆਂ)  ਨਹੀਂ ਲਗਵਾਈਆਂ ਗਈਆਂ, ਜਿਸ ਤੋਂ ਓਬਾਮਾ ਬਾਹਰ ਨਿਕਲ ਸਕਦੇ। ਕੁਝ ਦੇਰ ਬਾਅਦ ਓਬਾਮਾ ਜਹਾਜ਼ ਦੇ ਪਿਛਲੇ ਦਰਵਾਜ਼ੇ ਦੀਆਂ ਅੰਦਰੂਨੀ ਪੌੜੀਆਂ ਦੀ ਵਰਤੋਂ ਕਰ ਕੇ ਬਾਹਰ ਆਏ। ਜਦੋਂ ਜਹਾਜ਼ ਲੈਂਡ ਹੋਇਆ ਤਾਂ ਜਹਾਜ਼ ਸਾਹਮਣੇ ਕਿਸੇ ਤਰ੍ਹਾਂ ਦਾ ਰੈੱਡ ਕਾਰਪੇਟ ਨਜ਼ਰ ਨਹੀਂ ਆਇਆ। ਵੀ. ਵੀ. ਆਈ. ਪੀ. ਦੌਰੇ ਦੌਰਾਨ ਇਹ ਪੋਟੋਕਾਲ ਫਾਲੋਅ ਕੀਤਾ ਜਾਂਦਾ ਹੈ, ਜਦੋਂ ਜਹਾਜ਼ ਲੈਂਡ ਹੁੰਦਾ ਹੈ ਤਾਂ ਉਸ ਦੇ ਸਾਹਮਣੇ ਰੈੱਡ ਕਾਰਪੇਟ ਵਿਛਾਇਆ ਜਾਂਦਾ ਹੈ। 
ਓਬਾਮਾ ਦੇ ਜਹਾਜ਼ ਅੱਗੇ ਅਜਿਹਾ ਕੁਝ ਨਹੀਂ ਸੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਬ੍ਰਿਟੇਨ ਦੀ ਪੀ. ਐੱਮ. ਥੈਰੇਸਾ ਮੇਅ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੀਨ ਪਹੁੰਚਣ ਤੋਂ ਬਾਅਦ ਰੈੱਡ ਕਾਰਪੇਟ ਵੈਲਕਮ ਮਿਲਿਆ। ਇਕ ਰਿਪੋਰਟ ਮੁਤਾਬਕ ਓਬਾਮਾ ਜਦੋਂ ਜਹਾਜ਼ ਤੋਂ ਉਤਰੇ ਤਾਂ ਉਨ੍ਹਾਂ ਦੀ ਮੌਜੂਦਗੀ ''ਚ ਹੀ ਚੀਨੀ ਅਤੇ ਅਮਰੀਕੀ ਅਫਸਰਾਂ ''ਚ ਤਿੱਖੀ ਬਹਿਸ ਹੋਈ। ਓਬਾਮਾ ਦੇ ਜਹਾਜ਼ ਦੀ ਲੈਂਡਿੰਗ ਤੋਂ ਪਹਿਲਾਂ ਅਮਰੀਕੀ ਪੱਤਰਕਾਰ ਇਕੱਠੇ ਹੋ ਗਏ ਸਨ। 
ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਹਰਕਤ ਜ਼ਰੀਏ ਚੀਨ ਅਮਰੀਕਾ ਸਮੇਤ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਅਮਰੀਕਾ ਭਾਵੇਂ ਹੀ ਸੁਪਰ ਪਾਵਰ ਹੋਵੇ ਪਰ ਉਨ੍ਹਾਂ ਲਈ ਕੋਈ ਖਾਸ ਮਾਇਨੇ ਨਹੀਂ ਰੱਖਦਾ। ਇਸ ਦੌਰੇ ਨਾਲ ਜੁੜੇ ਚੀਨੀ ਵਿਦੇਸ਼ ਮੰਤਰਾਲੇ ਦੇ ਇਕ ਅਫਸਰ ਨੇ ਓਬਾਮਾ ਨਾਲ ਜਾਣਬੁੱਝ ਕੇ ਅਜਿਹਾ ਵਰਤਾਅ ਕਰਨ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਅਫਸਰ ਨੇ ਕਿਹਾ ਕਿ ਅਮਰੀਕੀ ਵਫਦ ਨੇ ਹੀ ਪੌੜੀਆਂ ਦੀ ਵਰਤੋਂ ਕਰਨ ਤੋਂ ਇਨਕਾਰ ਕੀਤਾ ਸੀ। ਅਮਰੀਕੀ ਪੱਖ ਨੂੰ ਸ਼ਿਕਾਇਤ ਸੀ ਕਿ ਸਟੇਅਰਕੇਸ ਡਰਾਈਵਰ ਨੂੰ ਅੰਗਰੇਜ਼ੀ ਨਹੀਂ ਆਉਂਦੀ, ਇਸ ਲਈ ਉਹ ਅਮਰੀਕੀ ਸੁਰੱਖਿਆ ਨਿਰਦੇਸ਼ ਨਹੀਂ ਸਮਝ ਸਕਿਆ। ਚੀਨ ਨੇ ਪ੍ਰਸਤਾਵ ਦਿੱਤਾ ਕਿ ਡਰਾਈਵਰ ਨਾਲ ਇਕ ਟਰਾਂਸਲੇਟਰ ਬਿਠਾਇਆ ਜਾਵੇ। ਅਮਰੀਕਾ ਨੇ ਇਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ।

Tanu

News Editor

Related News