ਪੰਨੂ ਮਾਮਲੇ 'ਚ ਨਿਖਿਲ ਗੁਪਤਾ ਦੀ ਵਧੀ ਮੁਸੀਬਤ, ਕੋਰਟ ਨੇ ਦਿੱਤਾ ਵੱਡਾ ਝਟਕਾ
Thursday, May 23, 2024 - 11:34 AM (IST)
ਇੰਟਰਨੈਸ਼ਨਲ ਡੈਸਕ- ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਇਸ ਹਾਈ-ਪ੍ਰੋਫਾਈਲ ਕੇਸ ਦੇ ਮੁਲਜ਼ਮ ਕਹੇ ਜਾਂਦੇ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰਨ ਦਾ ਰਸਤਾ ਲਗਭਗ ਸਾਫ਼ ਹੋ ਗਿਆ ਹੈ। ਚੈੱਕ ਗਣਰਾਜ ਦੀ ਸੁਪਰੀਮ ਕੋਰਟ ਨੇ ਨਿਖਿਲ ਗੁਪਤਾ ਦੀ ਪਟੀਸ਼ਨ ਅਤੇ ਇਤਰਾਜ਼ਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਉਸ ਨੂੰ ਅਮਰੀਕਾ ਹਵਾਲੇ ਕਰਨ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ। ਹੁਣ ਚੈੱਕ ਗਣਰਾਜ ਦੇ ਨਿਆਂ ਮੰਤਰਾਲੇ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰਨ ਬਾਰੇ ਅੰਤਿਮ ਫ਼ੈਸਲਾ ਲੈਣਾ ਹੈ। ਅਮਰੀਕਾ ਨੇ ਨਿਖਿਲ ਗੁਪਤਾ ਨੂੰ ਅੱਤਵਾਦੀ ਪੰਨੂ ਦੀ ਹੱਤਿਆ ਦੀ ਅਸਫਲ ਕੋਸ਼ਿਸ਼ 'ਚ ਦੋਸ਼ੀ ਕਰਾਰ ਦਿੱਤਾ ਹੈ। ਵਾਸ਼ਿੰਗਟਨ ਨੇ ਚੈੱਕ ਸਰਕਾਰ ਤੋਂ ਉਸ ਦੀ ਹਵਾਲਗੀ ਦੀ ਮੰਗ ਕੀਤੀ ਸੀ। ਲੋਅਰ ਕੋਰਟ ਅਤੇ ਹਾਈ ਕੋਰਟ ਤੋਂ ਬਾਅਦ ਹੁਣ ਸਿਖਰ ਅਦਾਲਤ ਨੇ ਵੀ ਨਿਖਿਲ ਦੀ ਹਵਾਲਗੀ ਨੂੰ ਹਰੀ ਝੰਡੀ ਦੇ ਕੇ ਨਿਖਿਲ ਗੁਪਤਾ ਨੂੰ ਵੱਡਾ ਝਟਕਾ ਦਿੱਤਾ ਹੈ।
ਨਿਖਿਲ ਗੁਪਤਾ ਨੂੰ ਕਰੀਬ ਇੱਕ ਸਾਲ ਪਹਿਲਾਂ ਪੈਰਾਗੁਏ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕਾ ਨੇ ਨਿਖਿਲ ਦੀ ਹਵਾਲਗੀ ਕਰਨ ਦੀ ਬੇਨਤੀ ਕੀਤੀ ਸੀ, ਤਾਂ ਜੋ ਪੰਨੂ ਦੇ ਮਾਮਲੇ 'ਚ ਉਸ ਖ਼ਿਲਾਫ਼ ਮੁਕੱਦਮਾ ਚਲਾਇਆ ਜਾ ਸਕੇ। ਨਿਖਿਲ ਗੁਪਤਾ ਨੇ ਇਸ ਦੇ ਖ਼ਿਲਾਫ਼ ਚੈੱਕ ਗਣਰਾਜ ਦੀ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ। 23 ਨਵੰਬਰ, 2023 ਨੂੰ ਪੈਰਾਗੁਏ ਦੀ ਹੇਠਲੀ ਅਦਾਲਤ (ਮਿਊਨਸੀਪਲ ਕੋਰਟ) ਨੇ ਨਿਖਿਲ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਅਤੇ ਉਸ ਦੀ ਹਵਾਲਗੀ ਦਾ ਹੁਕਮ ਦਿੱਤਾ। ਨਿਖਿਲ ਨੇ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ 8 ਜਨਵਰੀ 2024 ਨੂੰ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਨਿਖਿਲ ਗੁਪਤਾ ਨੇ ਸਿਖਰਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। 'ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਨੇ ਨਿਖਿਲ ਗੁਪਤਾ ਦੀ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਹੈ ਅਤੇ ਉਸ ਦੀ ਅਮਰੀਕਾ ਹਵਾਲਗੀ ਦਾ ਰਾਹ ਸਾਫ਼ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਜਯਾ ਬਡਿਗਾ ਕੈਲੀਫੋਰਨੀਆ ਦੇ ਸੁਪੀਰੀਅਰ ਕੋਰਟ ਦੀ ਪਹਿਲੀ ਤੇਲਗੂ ਮੂਲ ਦੀ ਜੱਜ ਨਿਯੁਕਤ
ਨਿਖਿਲ ਗੁਪਤਾ ਨੇ ਕੀਤਾ ਸੀ ਹਵਾਲਗੀ ਦਾ ਵਿਰੋਧ
ਰਿਪੋਰਟ ਮੁਤਾਬਕ ਨਿਖਿਲ ਗੁਪਤਾ ਨੇ ਉਸ ਦੀ ਅਮਰੀਕਾ ਹਵਾਲਗੀ ਦਾ ਵਿਰੋਧ ਕੀਤਾ ਸੀ। ਉਨ੍ਹਾਂ ਅਦਾਲਤ ਨੂੰ ਇਸ ਮਾਮਲੇ ਦੀ ਸਿਆਸੀ ਪ੍ਰਕਿਰਤੀ ਦਾ ਨੋਟਿਸ ਲੈਣ ਅਤੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ। ਨਿਖਿਲ ਗੁਪਤਾ ਦੇ ਵਕੀਲ ਦੀ ਦਲੀਲ 'ਤੇ ਸਿਖਰਲੀ ਅਦਾਲਤ ਨੇ ਕਿਹਾ ਕਿ ਅਦਾਲਤ ਨੇ ਨਾ ਸਿਰਫ਼ ਅਮਰੀਕਾ ਵੱਲੋਂ ਮੁਹੱਈਆ ਕਰਵਾਏ ਹਵਾਲਗੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ, ਸਗੋਂ ਨਿਖਿਲ ਗੁਪਤਾ ਦੇ ਵਿਰੋਧ 'ਤੇ ਅਮਰੀਕਾ ਵੱਲੋਂ ਮੁਹੱਈਆ ਕਰਵਾਏ ਗਏ ਵਾਧੂ ਦਸਤਾਵੇਜ਼ਾਂ ਦੀ ਵੀ ਪੂਰੀ ਤਰ੍ਹਾਂ ਜਾਂਚ ਕੀਤੀ ਹੈ।
ਅਮਰੀਕੀ ਮੀਡੀਆ ਦਾ ਸਨਸਨੀਖੇਜ਼ ਦਾਅਵਾ
ਖਾਲਿਸਤਾਨੀ ਅੱਤਵਾਦੀ ਪੰਨੂ ਦੇ ਕਤਲ ਦੀ ਨਾਕਾਮ ਕੋਸ਼ਿਸ਼ ਨੂੰ ਲੈ ਕੇ ਅਮਰੀਕੀ ਮੀਡੀਆ ਨੇ ਸਨਸਨੀਖੇਜ਼ ਦਾਅਵਾ ਕੀਤਾ ਹੈ। ‘ਵਾਸ਼ਿੰਗਟਨ ਪੋਸਟ’ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਵਿਕਰਮ ਯਾਦਵ ਨਾਂ ਦਾ ਅਮਰੀਕਾ ਵਿੱਚ ਰਾਅ ਦਾ ਅਧਿਕਾਰੀ ਸ਼ਾਮਲ ਸੀ ਅਤੇ ਇਸ ਕਦਮ ਨੂੰ ਭਾਰਤੀ ਖ਼ੁਫ਼ੀਆ ਏਜੰਸੀ ਦੇ ਤਤਕਾਲੀ ਮੁਖੀ ਸਾਮੰਤ ਗੋਇਲ ਨੇ ਪ੍ਰਵਾਨਗੀ ਦਿੱਤੀ ਸੀ। ਇਹ ਦਾਅਵਾ ਮੀਡੀਆ ਦੀ ਇੱਕ ਖ਼ਬਰ ਵਿੱਚ ਕੀਤਾ ਗਿਆ ਹੈ। ਪੰਨੂ ਖਾਲਿਸਤਾਨ ਲਹਿਰ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਹੈ ਅਤੇ ਸਿੱਖਸ ਫਾਰ ਜਸਟਿਸ (SFJ) ਦੇ ਕਾਨੂੰਨੀ ਸਲਾਹਕਾਰ ਅਤੇ ਬੁਲਾਰੇ ਹਨ। SFJ ਦਾ ਉਦੇਸ਼ ਵੱਖਰੀ ਸਿੱਖ ਕੌਮ ਦੇ ਵਿਚਾਰ ਨੂੰ ਅੱਗੇ ਵਧਾਉਣਾ ਹੈ। ਦੱਸ ਦੇਈਏ ਕਿ ਭਾਰਤ ਸਰਕਾਰ ਨੇ ਪੰਨੂ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।