ਨਿਊਜ਼ੀਲੈਂਡ ਏਅਰਲਾਈਨ ਨੇ ਅੰਤਰਰਾਸ਼ਟਰੀ ਯਾਤਰੀਆਂ ਦਾ ਵਜ਼ਨ ਕਰਨਾ ਕੀਤਾ ਸ਼ੁਰੂ, ਜਾਣੋ ਵਜ੍ਹਾ
Friday, Jun 02, 2023 - 02:25 PM (IST)
ਆਕਲੈਂਡ- ਨਿਊਜ਼ੀਲੈਂਡ ਏਅਰਲਾਈਨ ਇੱਕ ਅਨੋਖਾ ਪ੍ਰਯੋਗ ਕਰ ਰਹੀ ਹੈ। ਜਿਸ ਦੇ ਤਹਿਤ ਇੱਥੇ ਹਵਾਈ ਸਫਰ ਕਰਨ ਤੋਂ ਪਹਿਲਾਂ ਸਾਰੇ ਯਾਤਰੀਆਂ ਦੇ ਭਾਰ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰਲਾਈਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਇਲਟ ਦੀ ਸਹੂਲਤ ਲਈ ਸਰਵੇਖਣ ਕੀਤਾ ਜਾ ਰਿਹਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਸਰਵੇਖਣ ਇਸ ਹਫ਼ਤੇ ਸ਼ੁਰੂ ਹੋਇਆ, ਜੋ 2 ਜੁਲਾਈ ਤੱਕ ਜਾਰੀ ਰਹੇਗਾ।
ਹਰ ਚੀਜ਼ ਦਾ ਕੀਤਾ ਜਾਂਦਾ ਹੈ ਵਜ਼ਨ
ਨਿਊਜ਼ੀਲੈਂਡ ਦੀ ਰਾਸ਼ਟਰੀ ਏਅਰਲਾਈਨ ਦਾ ਕਹਿਣਾ ਹੈ ਕਿ ਉਹ ਇੱਕ ਮਹੀਨੇ ਦੇ ਸਰਵੇਖਣ ਦੌਰਾਨ 10,000 ਯਾਤਰੀਆਂ ਦਾ ਵਜ਼ਨ ਕਰਨ ਦੀ ਯੋਜਨਾ ਬਣਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਵਜ਼ਨ ਜਾਣਨ ਤੋਂ ਬਾਅਦ ਪਾਇਲਟ ਟੇਕ-ਆਫ ਅਤੇ ਲੈਂਡਿੰਗ ਦੇ ਸਮੇਂ ਬਿਹਤਰ ਸੰਤੁਲਨ ਬਣਾ ਸਕਦਾ ਹੈ। ਹਾਲਾਂਕਿ ਗੁਪਤਤਾ ਬਣਾਈ ਰੱਖਣ ਲਈ ਭਾਰ ਕਿਸੇ ਹੋਰ ਨੂੰ ਨਹੀਂ ਦਿਸੇਗਾ। ਏਅਰਲਾਈਨ ਸਟਾਫ ਵੀ ਭਾਰ ਦੇ ਅੰਕੜੇ ਤੋਂ ਅਣਜਾਣ ਹੋਵੇਗਾ। ਏਅਰਲਾਈਨ ਦੇ ਤੋਲਣ ਅਧਿਕਾਰੀ ਅਲਿਸਟੇਅਰ ਜੇਮਸ ਨੇ ਕਿਹਾ ਕਿ ਅਸੀਂ ਜਹਾਜ਼ 'ਤੇ ਜਾਣ ਵਾਲੀ ਹਰ ਚੀਜ਼ ਦਾ ਵਜ਼ਨ ਕਰਦੇ ਹਾਂ, ਚਾਹੇ ਉਹ ਮਾਲ ਹੋਵੇ, ਭੋਜਨ, ਪੀਣ ਵਾਲਾ ਸਮਾਨ ਜਾਂ ਕੈਰੀ-ਆਨ ਸਮਾਨ ਹੋਵੇ। ਯਾਤਰੀਆਂ, ਸਟਾਫ ਅਤੇ ਬੈਗਾਂ ਦੇ ਭਾਰ ਲਈ ਅਸੀਂ ਔਸਤ ਭਾਰ ਦੀ ਵਰਤੋਂ ਕਰਦੇ ਹਾਂ, ਜੋ ਸਾਨੂੰ ਇਸ ਸਰਵੇਖਣ ਤੋਂ ਪ੍ਰਾਪਤ ਹੁੰਦਾ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਦਾ ਕਹਿਣਾ ਹੈ ਕਿ ਜਾਣਕਾਰੀ ਲਈ ਨੰਬਰਾਂ ਦੀ ਲੋੜ ਹੈ।
ਯਾਤਰੀਆਂ ਦੇ ਭਾਰ ਲਈ ਕਈ ਵਿਕਲਪ
ਵਿਭਾਗ ਦਾ ਕਹਿਣਾ ਹੈ ਕਿ ਏਅਰਲਾਈਨਜ਼ ਕੋਲ ਯਾਤਰੀਆਂ ਦੇ ਤੋਲਣ ਲਈ ਕਈ ਵਿਕਲਪ ਹਨ। ਪਹਿਲਾ ਵਿਕਲਪ ਸਮੇਂ-ਸਮੇਂ 'ਤੇ ਯਾਤਰੀਆਂ ਦਾ ਵਜ਼ਨ ਕਰਨਾ ਹੈ, ਜਿਵੇਂ ਕਿ ਵਰਤਮਾਨ ਵਿੱਚ ਕੀਤਾ ਜਾ ਰਿਹਾ ਹੈ। ਨਾਲ ਹੀ ਵਿਭਾਗ ਦੁਆਰਾ ਜਾਰੀ ਮਿਆਰੀ ਵਜ਼ਨ ਨੂੰ ਲਾਗੂ ਕਰਨ ਦਾ ਵਿਕਲਪ ਹੈ। ਵਰਤਮਾਨ ਵਿੱਚ ਵਿਭਾਗ ਨੇ 13 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ 86 ਕਿਲੋ ਦਾ ਮਿਆਰੀ ਵਜ਼ਨ ਨਿਰਧਾਰਤ ਕੀਤਾ ਹੈ, ਜਿਸ ਵਿੱਚ ਸਮਾਨ ਦਾ ਭਾਰ ਵੀ ਸ਼ਾਮਲ ਹੈ। ਵਿਭਾਗ ਨੇ 2004 ਵਿੱਚ ਭਾਰ ਦਾ ਅੰਕੜਾ 77 ਕਿਲੋ ਤੋਂ ਵਧਾ ਕੇ 86 ਕਿਲੋ ਕਰ ਦਿੱਤਾ ਸੀ। ਨੈਸ਼ਨਲ ਹੈਲਥ ਡਿਪਾਰਟਮੈਂਟ ਮੁਤਾਬਕ ਉਸ ਦੇ ਦੇਸ਼ਵਾਸੀਆਂ ਦਾ ਭਾਰ ਵਧ ਰਿਹਾ ਹੈ। ਰਾਸ਼ਟਰੀ ਸਿਹਤ ਸਰਵੇਖਣ ਵਿੱਚ ਬਾਲਗ ਮੋਟਾਪੇ ਦੀ ਦਰ 34 ਪ੍ਰਤੀਸ਼ਤ ਹੈ। ਜਦੋਂ ਕਿ ਬੱਚਿਆਂ ਵਿੱਚ ਮੋਟਾਪੇ ਦੀ ਦਰ ਘਟ ਕੇ 13 ਫੀਸਦੀ ਰਹਿ ਗਈ ਹੈ, ਜੋ ਇੱਕ ਸਾਲ ਪਹਿਲਾਂ ਤੱਕ 10 ਫੀਸਦੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੀ ਯਾਤਰਾ ਕਰਨ ਵਾਲਿਆਂ ਲਈ ਨਵੇਂ ਨਿਰਦੇਸ਼ ਜਾਰੀ, NICOP ਦੀ ਵਰਤੋਂ ਨਾ ਕਰਨ ਦੀ ਸਲਾਹ
ਡਰਨ ਦੀ ਲੋੜ ਨਹੀਂ
ਨਿਊਜ਼ੀਲੈਂਡ ਦੀ ਏਅਰਲਾਈਨ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਘਰੇਲੂ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਵਜ਼ਨ ਕੀਤਾ ਜਾਂਦਾ ਸੀ। ਜੇਮਸ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਵਜ਼ਨ ਹੋਣ ਤੋਂ ਡਰਨਾ ਨਹੀਂ ਚਾਹੀਦਾ। ਇਹ ਬਹੁਤ ਆਸਾਨ ਅਤੇ ਸਵੈਇੱਛਤ ਹੈ। ਤੋਲਣ ਤੋਂ ਬਾਅਦ ਤੁਸੀਂ ਸਫਲ ਉਡਾਣ ਅਤੇ ਉਤਰਨ ਨੂੰ ਯਕੀਨੀ ਬਣਾ ਸਕਦੇ ਹੋ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।