ਨਿਊਜ਼ੀਲੈਂਡ ''ਚ ਹੜ੍ਹ ਕਾਰਨ ਐਮਰਜੈਂਸੀ ਘੋਸ਼ਿਤ, ਸੈਂਕੜੇ ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ
Monday, May 31, 2021 - 12:05 PM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਵਿਚ ਤੇਜ਼ ਮੀਂਹ ਨਾਲ ਹੜ੍ਹ ਆ ਗਿਆ ਹੈ। ਹੜ੍ਹ ਕਾਰਨ ਫਸੇ ਸੈਂਕੜੇ ਲੋਕਾਂ ਨੂੰ ਸੋਮਵਾਰ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਬਚਾਅ ਮੁਹਿੰਮ ਦੌਰਾਨ ਕੁਝ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਕੱਢਿਆ ਗਿਆ। ਅਧਿਕਾਰੀਆਂ ਨੇ ਵੀਕੈਂਡ ਅਤੇ ਸੋਮਵਾਰ ਨੂੰ ਕੁਝ ਥਾਵਾਂ 'ਤੇ 40 ਸੈਂਟੀਮੀਟਰ (16 ਇੰਚ) ਮੀਂਹ ਪੈਣ ਮਗਰੋਂ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕੀਤੀ ਹੈ।
ਮੌਸਮ ਅਧਿਕਾਰੀਆਂ ਨੇ ਸੋਮਵਾਰ ਸ਼ਾਮ ਤੱਕ ਭਾਰੀ ਮੀਂਹ ਹੋਣ ਦਾ ਅਨੁਮਾਨ ਜਤਾਇਆ ਹੈ। ਸੈਨਾ ਨੇ 50 ਤੋਂ ਵੱਧ ਲੋਕਾਂ ਨੂੰ ਕੱਢਣ ਵਿਚ ਮਦਦ ਕੀਤੀ। ਇਸ ਦੌਰਾਨ ਐੱਨ.ਐੱਚ.-90 ਮਿਲਟਰੀ ਹੈਲੀਕਾਪਟਰ ਜ਼ਰੀਏ ਰਾਤ ਦੇ ਸਮੇਂ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸੈਨਾ ਦੇ ਜਨਸੰਪਰਕ ਅਧਿਕਾਰੀ ਕੈਪਟਨ ਜੇਕ ਫੇਵਰ ਨੇ ਦੱਸਿਆ ਕਿ ਦਾਰਫੀਲਡ ਸ਼ਹਿਰ ਵਿਚ ਰੁੱਖ 'ਤੇ ਚੜ੍ਹੇ ਇਕ ਵਿਅਕਤੀ ਨੇ ਹੜ੍ਹ ਦੇ ਪਾਣੀ ਵਿਚ ਛਾਲ ਮਾਰ ਦਿੱਤੀ ਸੀ ਅਤੇ ਤੈਰ ਕੇ ਸੁਰੱਖਿਅਤ ਬਾਹਰ ਆਉਣਾ ਚਾਹੁੰਦਾ ਸੀ ਪਰ ਉਹ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਿਆ। ਸੈਨਾ ਦੇ ਹੈਲੀਕਾਪਟਰ ਦੀ ਮਦਦ ਨਾਲ ਉਸ ਦਾ ਪਤਾ ਲਗਾਇਆ ਗਿਆ ਅਤੇ ਉਸ ਨੂੰ ਹੜ੍ਹ ਦੇ ਪਾਣੀ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਏਸ਼ੀਆਈ-ਅਮਰੀਕੀ ਸਮੂਹਾਂ ਦਾ ਸੰਘ ਭਾਰਤ ਨੂੰ ਭੇਜੇਗਾ 10 ਲੱਖ ਡਾਲਰ ਦੀ ਮਦਦ
ਹੜ੍ਹ ਦੀ ਸਥਿਤੀ ਦੀ ਸਮੀਖਿਆ ਲਈ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੀ ਸੋਮਵਾਰ ਨੂੰ ਕ੍ਰਾਈਸਟਚਰਚ ਦਾ ਦੌਰਾ ਕਰਨ ਦੀ ਯੋਜਨਾ ਹੈ। ਨਿਊਜ਼ੀਲੈਂਡ ਦੀ ਯਾਤਰਾ 'ਤੇ ਆਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਬਾਰੇ ਸੋਚ ਕੇ ਚਿੰਤਤ ਹਨ। ਉਹਨਾਂ ਨੇ ਕਿਹਾ,''ਆਸਟ੍ਰੇਲੀਆ ਹੜ੍ਹ, ਚੱਕਰਵਾਤ, ਅੱਗ ਦੀਆਂ ਘਟਨਾਵਾਂ ਅਤੇ ਇੱਥੋਂ ਤੱਕ ਕਿ ਚੂਹਿਆਂ ਤੋਂ ਫੈਲਣ ਵਾਲੇ ਪਲੇਗ ਰੋਗ ਤੋਂ ਅਣਜਾਣ ਨਹੀਂ ਹੈ। ਦੋਹਾਂ ਦੇਸ਼ਾਂ ਨੇ ਪਿਛਲੇ ਕੁਝ ਸਾਲਾਂ ਵਿਚ ਕਾਫੀ ਚੁਣੌਤੀਆਂ ਦੇਖੀਆਂ ਹਨ।''
ਪੜ੍ਹੋ ਇਹ ਅਹਿਮ ਖਬਰ- ਨਾਈਜੀਰੀਆ : ਸਕੂਲ ਤੋਂ ਕਰੀਬ 200 ਵਿਦਿਆਰਥੀ ਕੀਤੇ ਗਏ ਅਗਵਾ
ਨੋਟ- ਨਿਊਜ਼ੀਲੈਂਡ 'ਚ ਹੜ੍ਹ ਕਾਰਨ ਐਮਰਜੈਂਸੀ ਘੋਸ਼ਿਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।