ਅੱਤਵਾਦੀ ਹਮਲੇ 9/11 ਦੀ ਬਰਸੀ ’ਤੇ ਅਮਰੀਕਾ ਨੇ ਨੀਲੀ ਰੌਸ਼ਨੀ ਨਾਲ ਦਿੱਤੀ ਸ਼ਰਧਾਂਜਲੀ (ਤਸਵੀਰਾਂ)
Saturday, Sep 12, 2020 - 11:45 AM (IST)
ਵਾਸ਼ਿੰਗਟਨ- ਅਮਰੀਕਾ ਵਿਚ 9/11 ਹਮਲੇ ਦੀ 19ਵੀਂ ਬਰਸੀ 'ਤੇ ਸਭ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਨਿਊਯਾਰਕ ਸ਼ਹਿਰ ਨੀਲੇ ਰੰਗ ਦੀ ਰੌਸ਼ਨੀ ਵਿਚ ਚਮਕ ਰਿਹਾ ਸੀ। ਸ਼ਹਿਰ ਦੀਆਂ ਦੋ ਮਸ਼ਹੂਰ ਇਮਾਰਤਾਂ ਤੋਂ ਆਕਾਸ਼ ਵੱਲ ਜਾ ਰਹੀਆਂ ਦੋ ਬੀਮ ਲਾਈਟਾਂ ਯਾਦ ਦਿਲਾ ਰਹੀਆਂ ਸਨ ਕਿ ਅਮਰੀਕਾ ਨੇ ਉਸ ਅੱਤਵਾਦੀ ਹਮਲੇ ਵਿਚ ਆਪਣੇ ਲੋਕਾਂ ਨੂੰ ਗੁਆਇਆ ਸੀ।
ਇਹ ਬੀਮ ਲਾਈਟ 'ਵਨ ਵਰਲਡ ਟਰੇਡ ਸੈਂਟਰ' ਅਤੇ ਦੂਜੀ 'ਇਮਪਾਇਰ ਸਟੇਟ ਬਿਲਡਿੰਗ' 'ਤੇ ਲਗਾਈ ਗਈ । ਨੀਲੀ ਰੌਸ਼ਨੀ ਰਾਹੀਂ ਅਮਰੀਕਾ ਸੰਦੇਸ਼ ਦੇ ਰਿਹਾ ਸੀ ਕਿ ਸਾਡੀ ਇਕਜੁੱਟਤਾ ਦੇ ਤਾਕਤ ਬਣੀ ਹੋਈ ਹੈ। ਅਮਰੀਕਾ ’ਤੇ ਹੋਏ ਸਭ ਤੋਂ ਵੱਡੇ ਅੱਤਵਾਦੀ ਹਮਲੇ ਅਤੇ ਉਸ ’ਚ ਆਪਣਿਆਂ ਨੂੰ ਗੁਆਉਣ ਦਾ ਦਰਦ ਮੁੜ ਉਭਰ ਆਇਆ।
ਜ਼ਿਕਰਯੋਗ ਹੈ ਕਿ 11 ਸਤੰਬਰ, 2011 ਵਿਚ ਅੱਤਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਜ਼ਾਇਲਾਂ ਦੀ ਤਰ੍ਹਾਂ ਇਸਤੇਮਾਲ ਕਰਕੇ ਅਮਰੀਕਾ ਦੇ ਮਸ਼ਹੂਰ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ ਨੂੰ ਨਿਸ਼ਾਨਾ ਬਣਾਇਆ ਸੀ। ਇਸ ਨੂੰ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਵਰਲਡ ਟਰੇਡ ਸੈਂਟਰ 'ਤੇ ਹੋਏ ਹਮਲੇ ਵਿਚ ਤਕਰੀਬਨ 3000 ਲੋਕ ਮਾਰੇ ਗਏ ਸਨ।
ਅੱਤਵਾਦੀ ਹਮਲੇ ਵਿਚ ਮਰਨ ਵਾਲਿਆਂ ਵਿਚ 343 ਫਾਇਰ ਵਿਭਾਗ ਤੇ 60 ਪੁਲਸ ਅਧਿਕਾਰੀ ਵੀ ਸ਼ਾਮਲ ਸਨ। ਅੱਤਵਾਦੀ ਓਸਾਮਾ ਬਿਨ ਲਾਦੇਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸਾਲ 2011 ਵਿਚ ਪਾਕਿਸਤਾਨ ਦੇ ਐਬਟਾਬਾਦ ਵਿਚ ਅਮਰੀਕੀ ਸੀਲ ਕਮਾਂਡੋ ਨੇ ਵਾਂਟੇਡ ਅੱਤਵਾਦੀ ਲਾਦੇਨ ਨੂੰ ਢੇਰ ਕਰ ਦਿੱਤਾ ਸੀ।
ਪੂਰੇ ਦੇਸ਼ ’ਚ ਲੋਕਾਂ ਨੇ ਇਸ ਹਮਲੇ ’ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਅਮਰੀਕਾ ਦੇ ਫਿਰ ਊਰਜਾਵਾਨ ਹੋਣ ਦਾ ਸੰਕਲਪ ਜਤਾਉਣ ਲਈ ਲੋਅਰ ਮੈਨਹਟਨ ਸਣੇ ਕਈ ਸ਼ਹਿਰਾਂ ਨੂੰ ਲਾਈਟਾਂ ਨਾਲ ਜਗਮਗਾਇਆ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਨੇ ਨੈਸ਼ਨਲ ਮੈਮੋਰੀਅਲ ’ਤੇ ਜਦਕਿ ਰਾਸ਼ਟਰਪਤੀ ਦੀ ਦੌੜ ’ਚ ਸ਼ਾਮਲ ਜੋ ਬਿਡੇਨ ਨੇ ਆਪਣੀ ਗਵਰਨਰ ਪਤਨੀ ਨਾਲ ਨਿਊਯਾਰਕ ’ਚ 2 ਮਿੰਟਾਂ ਦਾ ਮੌਨ ਰੱਖਿਆ।