ਨਿਊਯਾਰਕ ਅਸੈਂਬਲੀ ਨੇ ਪਾਸ ਕੀਤਾ ਕਸ਼ਮੀਰ ਪ੍ਰਸਤਾਵ, ਭਾਰਤ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

02/07/2021 3:43:05 PM

ਨਿਊਯਾਰਕ (ਭਾਸ਼ਾ): ਨਿਊਯਾਰਕ ਸਟੇਟ ਅਸੈਂਬਲੀ ਨੇ ਗਵਰਨਰ ਐਂਡਰਿਊ ਕੁਓਮੋ ਵੱਲੋਂ ਅਪੀਲ ਕਰਨ 'ਤੇ 5 ਫਰਵਰੀ ਨੂੰ 'ਕਸ਼ਮੀਰ ਅਮਰੀਕੀ ਦਿਵਸ' ਘੋਸ਼ਿਤ ਕੀਤੇ ਜਾਣ ਦਾ ਪ੍ਰਸਤਾਵ ਪਾਸ ਕੀਤਾ ਹੈ। ਇਸ ਪ੍ਰਸਤਾਵ 'ਤੇ ਭਾਰਤ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਹ ਲੋਕਾਂ ਨੂੰ ਵੰਡਣ ਲਈ ਜੰਮੂ-ਕਸ਼ਮੀਰ ਦੇ ਖੁਸ਼ਹਾਲ ਸੱਭਿਆਚਾਰਕ ਅਤੇ ਸਮਾਜਿਕ ਤਾਣੇ-ਬਾਣੇ ਦੀ ਗਲਤ ਵਿਆਖਿਆ ਕਰਨ ਦੀ ਸਵਾਰਥੀ ਰੁਚੀਆਂ ਦੀ ਚਿੰਤਾਜਨਕ ਕੋਸ਼ਿਸ਼ ਹੈ।

ਇਸ ਪ੍ਰਸਤਾਵ ਨੂੰ ਅਸੈਂਬਲੀ ਦੇ ਮੈਂਬਰ ਨਾਦਰ ਸਾਯੇਘ ਅਤੇ 12 ਹੋਰ ਮੈਂਬਰਾਂ ਨੇ ਪ੍ਰਾਯੋਜਿਤ ਕੀਤਾ ਹੈ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਕਸ਼ਮੀਰੀ ਭਾਈਚਾਰੇ ਨੇ ਹਰ ਮੁਸ਼ਕਲ ਨੂੰ ਪਾਰ ਕੀਤਾ ਹੈ, ਦ੍ਰਿੜ੍ਹਤਾ ਦਿਖਾਈ ਹੈ ਅਤੇ ਖੁਦ ਨੂੰ ਨਿਊਯਾਰਕ ਪ੍ਰਵਾਸੀ ਭਾਈਚਾਰਿਆਂ ਦੇ ਇਕ ਥੰਮ ਦੇ ਤੌਰ 'ਤੇ ਸਥਾਪਿਤ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਿਊਯਾਰਕ ਰਾਜ ਵੱਖ-ਵੱਖ ਸੱਭਿਆਚਾਰਕ, ਨਸਲੀ ਅਤੇ ਧਾਰਮਿਕ ਪਛਾਣਾਂ ਨੂੰ ਮਾਨਤਾ ਦੇ ਕੇ ਸਾਰੇ ਕਸ਼ਮੀਰੀ ਲੋਕਾਂ ਦੀਆਂ ਧਾਰਮਿਕ, ਪ੍ਰਗਟਾਵੇ ਦੀ ਆਜ਼ਾਦੀ ਸਮੇਤ ਮਨੁੱਖੀ ਅਧਿਕਾਰਾਂ ਦਾ ਸਮਰਥਨ ਦੀ ਕੋਸ਼ਿਸ਼ ਵਿਚ ਹੈ। ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਦੇ ਇਕ ਬੁਲਾਰੇ ਨੇ ਇਸ ਪ੍ਰਸਤਾਵ 'ਤੇ ਟਿੱਪਣੀ ਕੀਤੀ ਕਿ ਅਸੀਂ 'ਕਸ਼ਮੀਰ ਅਮਰੀਕੀ ਦਿਵਸ' ਸੰਬੰਧੀ ਨਿਊਯਾਰਕ ਅਸੈਂਬਲੀ ਦਾ ਪ੍ਰਸਤਾਵ ਦੇਖਿਆ ਹੈ। ਅਮਰੀਕਾ ਵਾਂਗ ਭਾਰਤ ਵੀ ਇਕ ਜੀਵੰਤ ਲੋਕਤੰਤਰੀ ਦੇਸ਼ ਹੈ ਅਤੇ 1.35 ਅਰਬ ਲੋਕਾਂ ਦੀ ਆਵਾਜ਼ ਵਾਲਾ ਦੇਸ਼ ਹੋਣਾ ਮਾਣ ਦੀ ਗੱਲ ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਦਲੀਪ ਸਿੰਘ ਹੋਣਗੇ ਅਮਰੀਕਾ ਦੇ ਡਿਪਟੀ ਐਨਐਸਏ

ਉਹਨਾਂ ਨੇ ਕਿਹਾ,''ਭਾਰਤ ਜੰਮੂ-ਕਸ਼ਮੀਰ ਸਮੇਤ ਆਪਣੇ ਖੁਸ਼ਹਾਲ ਸੱਭਿਆਚਾਰਕ ਤਾਣੇ-ਬਾਏ ਅਤੇ ਆਪਣੀ ਵਿਭਿੰਨਤਾ ਦਾ ਉਤਸਵ ਮਨਾਉਂਦਾ ਹੈ। ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ, ਜਿਸ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਅਸੀਂ ਲੋਕਾਂ ਨੂੰ ਵੰਡਣ ਲਈ ਜੰਮੂ-ਕਸ਼ਮੀਰ ਦੇ ਖੁਸ਼ਹਾਲ ਅਤੇ ਸਮਾਜਿਕ ਤਾਣੇ-ਬਾਣੇ ਨੂੰ ਗਲਤ ਢੰਗ ਨਾਲ ਦਿਖਾਉਣ ਦੀ ਰੁਚੀ ਵਾਲੇ ਸਵਾਰਥਾਂ ਦੀ ਕੋਸ਼ਿਸ਼ ਸੰਬੰਧੀ ਚਿੰਤਾ ਜ਼ਾਹਰ ਕਰਦੇ ਹਾਂ।'' ਬੁਲਾਰੇ ਨੇ ਪ੍ਰਸਤਾਵ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ,''ਅਸੀਂ ਭਾਰਤ-ਅਮਰੀਕੀ ਹਿੱਸੇਦਾਰੀ ਅਤੇ ਵਿਭਿੰਨਤਾ ਭਰੇ ਭਾਰਤੀ ਭਾਈਚਾਰੇ ਨਾਲ ਜੁੜੇ ਸਾਰੇ ਮਾਮਲਿਆਂ 'ਤੇ ਨਿਊਯਾਰਕ ਸਟੇਟ ਵਿਚ ਚੁਣੇ ਗਏ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਾਂਗੇ। 

ਇਹ ਪ੍ਰਸਤਾਵ 3 ਫਰਵਰੀ ਨੂੰ ਨਿਊਯਾਰਕ ਅਸੈਂਬਲੀ ਵਿਚ ਪਾਸ ਕੀਤਾ ਗਿਆ ਸੀ ਜਿਸ ਵਿਚ ਕੁਓਮੋ ਤੋਂ 5 ਫਰਵਰੀ, 2021 ਨੂੰ ਨਿਊਯਾਰਕ ਰਾਜ ਵਿਚ 'ਕਸ਼ਮੀਰ ਅਮਰੀਕੀ ਦਿਵਸ' ਘੋਸ਼ਿਤ ਕਰਨ ਦੀ ਅਪੀਲ ਕੀਤੀ ਗਈ ਹੈ। ਨਿਊਯਾਰਕ ਵਿਚ ਪਾਕਿਸਤਾਨ ਦੇ  ਕੌਂਸਲੇਟ ਜਨਰਲ ਨੇ ਇਸ ਪ੍ਰਸਤਾਵ ਨੂੰ ਪਾਸ ਕਰਾਉਣ ਲਈ ਸਾਯੇਘ ਅਤੇ 'ਦੀ ਅਮੇਰਿਕਨ ਪਾਕਿਸਤਾਨੀ ਐਡਵੋਕੇਸੀ ਗਰੁੱਪ' ਦੀ ਤਾਰੀਫ ਕੀਤੀ। ਪਾਕਿਸਤਾਨ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਅਤੇ ਉਸ ਨੂੰ ਜੰਮੂ-ਕਸ਼ਮੀਰ ਤੇ ਲੱਦਾਖ ਦੇ ਰੂਪ ਵਿਚ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਕਾਰਨ ਭਾਰਤ ਖ਼ਿਲਾਫ਼ ਅੰਤਰਰਾਸ਼ਟਰੀ ਸਹਿਯੋਗ ਜੁਟਾਉਣ ਦੀਆਂ ਅਸਫਲ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਭਾਰਤ ਪਾਕਿਸਤਾਨ ਨੂੰ ਕਹਿ ਚੁੱਕਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਅਤੇ ਰਹੇਗਾ। ਇਸ ਨਾਲ ਜੁੜੇ ਮਾਮਲੇ ਉਸ ਦੇ ਅੰਦਰੂਨੀ ਹਨ।

ਨੋਟ- ਨਿਊਯਾਰਕ ਅਸੈਂਬਲੀ ਨੇ ਪਾਸ ਕੀਤਾ ਕਸ਼ਮੀਰ ਪ੍ਰਸਤਾਵ, ਭਾਰਤ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ, ਕੁਮੈਂਟ ਕਰ ਦਿਓ ਰਾਏ।
 


Vandana

Content Editor

Related News