ਸਕਾਟਲੈਂਡ ’ਚ ਉਤਸ਼ਾਹ ਨਾਲ ਮਨਾਇਆ ਗਿਆ ਨਵਾਂ ਸਾਲ
Sunday, Jan 02, 2022 - 03:24 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਬੇਸ਼ੱਕ ਕੋਵਿਡ ਦੇ ਕਹਿਰ ਕਰਕੇ ਮਨੁੱਖ ਘਰਾਂ ਦੀ ਚਾਰਦੀਵਾਰੀ ’ਚ ਕੈਦ ਹੋ ਕੇ ਰਹਿਣ ਲਈ ਮਜਬੂਰ ਹੈ ਪਰ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ ਲਈ ਲੋਕਾਂ ਵੱਲੋਂ ਹਰ ਵਾਹ ਲਾਈ ਗਈ। ਜਿੱਥੇ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਵੱਲੋਂ ਆਪੋ-ਆਪਣੇ ਢੰਗ ਨਾਲ ਨਵੇਂ ਸਾਲ ਨੂੰ ਖੁਸ਼ਆਮਦੀਦ ਕਿਹਾ ਗਿਆ, ਉੱਥੇ ਹੀ ਪੰਜਾਬੀ ਭਾਈਚਾਰੇ ਨੇ ਗੁਰਦੁਆਰਾ ਸਾਹਿਬਾਨ ਅੰਦਰ ਬੈਠ ਕੇ ਨਵੇਂ ਸਾਲ ਨੂੰ ਜੀ ਆਇਆਂ ਕਿਹਾ। ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਪ੍ਰਸਿੱਧ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਸੈਂਕੜਿਆਂ ਦੀ ਤਾਦਾਦ ’ਚ ਸੰਗਤਾਂ ਦਾ ਆਉਣ-ਜਾਣ ਬਣਿਆ ਰਿਹਾ।
ਦੇਰ ਰਾਤ ਵੱਖ-ਵੱਖ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਸ਼ਬਦਾਂ ਦੇ ਗਾਇਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਸਪਾਲ ਸਿੰਘ ਖਹਿਰਾ, ਬਖਸ਼ੀਸ਼ ਸਿੰਘ ਦੀਹਰੇ ਵੱਲੋਂ ਜਿੱਥੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਉੱਥੇ ਹੀ ਸ੍ਰੀ ਅਖੰਡ ਪਾਠ ਸਾਹਿਬ ਤੇ ਲੰਗਰਾਂ ਦੀ ਸੇਵਾ ਆਪਣੇ ਜ਼ਿੰਮੇ ਲੈਣ ਲਈ ਬਲਜਿੰਦਰ ਕੌਰ ਸਰਾਏ ਤੇ ਪਰਿਵਾਰ ਦਾ ਵੀ ਧੰਨਵਾਦ ਕੀਤਾ।
ਸੰਗਤਾਂ ਨੇ ਵਾਹਿਗੁਰੂ ਦੇ ਜਾਪ ਦੌਰਾਨ ਨਵੇਂ ਸਾਲ ’ਚ ਪ੍ਰਵੇਸ਼ ਕੀਤਾ। ਧਾਰਮਿਕ ਸਮਾਗਮਾਂ ਦੇ ਦੂਜੇ ਦਿਨ ਗੁਰੂ ਨਾਨਕ ਸਿੱਖ ਟੈਂਪਲ ਓਟੈਗੋ ਸਟਰੀਟ ਵਿਖੇ ਨਵੇਂ ਸਾਲ ਦੀ ਆਮਦ ’ਤੇ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਭਾਈ ਅਰਵਿੰਦਰ ਸਿੰਘ, ਭਾਈ ਤੇਜਵੰਤ ਸਿੰਘ, ਕਰਮਜੀਤ ਮੀਨੀਆਂ ਵੱਲੋਂ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਗੁਰੂ ਜਸ ਗਾਇਨ ਕਰਕੇ ਹਾਜ਼ਰੀ ਲਗਵਾਈ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੁਪਿੰਦਰ ਸਿੰਘ ਬਰਮੀਂ, ਜਸਵੀਰ ਸਿੰਘ ਜੱਸੀ ਬਮਰਾਹ, ਸਰਦਾਰਾ ਸਿੰਘ ਜੰਡੂ, ਸੋਹਣ ਸਿੰਘ ਸੋਂਦ ਆਦਿ ਨੇ ਸਮੁੱਚੇ ਵਿਸ਼ਵ ਦੀ ਸਿਹਤਮੰਦੀ ਦੀ ਕਾਮਨਾ ਕਰਦਿਆਂ ਨਵੇਂ ਸਾਲ ਦੀ ਵਧਾਈ ਪੇਸ਼ ਕੀਤੀ। ਇਸੇ ਤਰ੍ਹਾਂ ਹੀ ਸਕਾਟਲੈਂਡ ਦੇ ਸ਼ਹਿਰ ਐਡਿਨਬਰਾ, ਐਬਰਡੀਨ, ਡੰਡੀ, ਇਰਵਿਨ ਆਦਿ ਦੇ ਗੁਰਦੁਆਰਾ ਸਾਹਿਬਾਨ ’ਚ ਵੀ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ।