ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਦੀ ਨਵੀਂ ਇਮਾਰਤ ਦਾ ਹੋਇਆ ਉਦਘਾਟਨ

Tuesday, Oct 22, 2024 - 05:36 AM (IST)

ਰੋਮ (ਦਲਵੀਰ ਕੈਂਥ, ਸਾਬੀ ਚੀਨੀਆਂ) - ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ) ਦੀ ਨਵੀਂ ਇਮਾਰਤ ਦੇ ਉਦਘਾਟਨ ਸਮਾਰੋਹ ਮੌਕੇ ਵਿਸ਼ੇਸ਼ ਨਗਰ ਕੀਰਤਨ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਤੋਂ ਨਵੀਂ ਇਮਾਰਤ ਤੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ, ਪੰਜ ਨਿਸ਼ਾਨੀ ਸਿੰਘਾਂ ਦੀ ਅਗਵਾਈ ਵਿੱਚ ਸਜਾਇਆ ਗਿਆ। ਜਿਸ ਵਿੱਚ ਸੂਬੇ ਭਰ ਤੋਂ ਸੰਗਤਾਂ ਦੇ ਵੱਡੇ ਹਜੂਮ ਨੇ ਹਾਜ਼ਰੀ ਭਰੀ। ਇਸ ਮੌਕੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਉਦਘਾਟਨੀ ਸਮਾਰੋਹ ਵਿੱਚ ਭਗਤੀ ਦੀ ਮਧੁਰ ਗੂੰਜ ਨਾਲ ਸਾਰਾ ਮਾਹੌਲ ਮਹਿਕਾ ਰਹੇ ਸਨ।

ਸਮਾਗਮ ਮੌਕੇ ਆਰੰਭੇ ਸ੍ਰੀ ਅਖੰਡ ਸਾਹਿਬ ਜੀ ਦੇ ਪਾਠ ਉਪੰਰਤ ਨਗਰ ਕੀਰਤਨ ਨੇ ਚਾਲੇ ਪਾਏ ਜਿਸ ਦਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਦਿਆਂ ਸਵਾਗਤ ਕੀਤਾ। ਨਵੀਂ ਇਮਾਰਤ ਵਿਖੇ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕੀਰਤਨੀਏ ਜੱਥਿਆਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ। ਜਿਸ ਵਿੱਚ ਭਾਈ ਗੁਰਦਿੱਤ ਸਿੰਘ, ਭਾਈ ਅਮਿਤਵੀਰ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਦੇ ਕੀਰਤਨੀ ਜੱਥੇ ਨੇ ਰਸ ਭਿੰਨੇ ਕੀਰਤਨ ਨਾਲ ਦਰਬਾਰ ਵਿੱਚ ਭਰਵੀਂ ਹਾਜ਼ਰੀ ਲਵਾਈ। ਜਦੋਂ ਕਿ ਕਵੀਸ਼ਰ ਭਾਈ ਸਰਬਜੀਤ ਸਿੰਘ ਮਾਣਕਪੁਰੀ ਦੇ ਕਵੀਸ਼ਰੀ ਜੱਥੇ ਨੇ ਆਪਣੀ ਬੁਲੰਦ ਆਵਾਜ਼ ਵਿੱਚ ਗੁਰ ਇਤਿਹਾਸ ਸਰਵਣ ਕਰਵਾਇਆ। ਕੀਰਤਨ ਦਰਬਾਰ ਵਿੱਚ ਬੱਚਿਆਂ ਨੇ ਵੀ ਸਿੱਖ ਇਤਿਹਾਸ ਦੀਆਂ ਬਾਤਾਂ ਪਾਉਂਦਿਆਂ ਰਚਨਾਵਾਂ ਪੇਸ਼ ਕੀਤੀਆਂ। ਭਾਈ ਹਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ) ਨੇ ਉਦਘਾਟਨ ਵਿੱਚ ਪਹੁੰਚਣ ਲਈ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ, ਮੰਦਰ ਕਮੇਟੀਆਂ ਅਤੇ ਪਹੁੰਚੇ ਪੰਥਕ ਆਗੂਆਂ ਦਾ ਤਹਿ ਦਿਲੋ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਆਏ ਪਤਵੰਤਿਆਂ ਦਾ ਅਤੇ ਸੇਵਾਦਾਰਾਂ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।


Inder Prajapati

Content Editor

Related News