ਇਟਲੀ ਪੁਲਸ ਨੇ ਭਾਰਤੀ ਗਰੁੱਪ ਦੀ ਲੁੱਟ ਦਾ ਕੀਤਾ ਪਰਦਾਫਾਸ਼! 1369 ਵਿਦੇਸ਼ੀ ਨੌਜਵਾਨਾਂ ਤੋਂ ਲੁੱਟੇ ਲੱਖਾਂ ਯੂਰੋ
Friday, Apr 17, 2026 - 04:58 PM (IST)
ਬਰੇਸ਼ੀਆ (ਦਲਵੀਰ ਸਿੰਘ ਕੈਂਥ) ਉੱਤਰੀ ਇਟਲੀ ਦੇ ਬਰੇਸ਼ੀਆ ਇਲਾਕੇ ਵਿੱਚ 2018 ਤੋਂ ਸਰਗਰਮ ਇੱਕ ਅਪਰਾਧਿਕ ਗਰੁੱਪ ਨੂੰ ਇਟਲੀ ਦੀ ਵਿਸ਼ੇਸ਼ ਵਿੱਤੀ ਪੁਲਸ (ਜਿਹੜੀ ਕਿ ਕਾਰੋਬਾਰੀਆਂ ਦੇ ਕੰਮਾਂ ਦੇ ਬਾਜ ਅੱਖ ਰੱਖਦੀ ਹੈ) ਵਲੋਂ ਕਾਬੂ ਕੀਤਾ ਗਿਆ, ਜਿਹਨਾਂ ਵਿੱਚੋਂ ਤਿੰਨ ਭਾਰਤੀਆਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਿਕ ਇਹ ਗਰੁੱਪ 2018 ਤੋਂ 2024 ਤੱਕ 1369 ਵਿਦੇਸ਼ੀਆਂ ਨੂੰ ਇਟਲੀ ਗਲਤ ਪੇਪਰਾਂ ਰਾਹੀਂ ਲਿਆ ਚੁੱਕਾ ਹੈ। ਤਿੰਨੋ ਪੰਜਾਬੀ ਇਹ ਕੰਮ ਵੱਖ-ਵੱਖ ਇਟਾਲੀਅਨ ਗਰੁੱਪਾਂ ਨਾਲ ਮਿਲ ਕੇ ਕਰਦੇ ਸਨ। 9 ਮਹੀਨਿਆਂ ਵਾਲੇ ਸੀਜਨ ਪੇਪਰਾਂ 'ਤੇ ਇਟਲੀ ਲਿਆਉਣ ਲਈ ਇਹ ਗੁਰੱਪ ਨੌਜਵਾਨਾਂ ਤੋਂ 13.800 ਯੂਰੋ ਅਤੇ ਬਾਅਦ ਵਿੱਚ ਇਟਲੀ ਦੇ ਪੇਪਰ ਲੈਕੇ ਦੇਣ ਲਈ ਹੋਰ 7500 ਯੂਰੋ ਵਸੂਲ ਦਾ ਸੀ।

ਗੌਰਖ ਧੰਦੇ ਵਿੱਚ ਹੱਥ ਰੰਗਣ ਵਾਲਾ ਪੰਜਾਬੀ ਭਾਰਤੀਆਂ ਦਾ ਇਹ ਗਰੁੱਪ ਅੰਗੂਰਾਂ ਦੇ ਸੀਜਨ ਦੀ ਠੇਕੇਦਾਰੀ ਕਰਦਾ ਸੀ ਜਿਹੜਾ ਪਿਆਚੇਨਸਾ, ਕਰੇਮੋਨਾ, ਮਿਲਾਨੋ ਅਤੇ ਲੋਧੀ ਸ਼ਹਿਰਾਂ ਤੱਕ ਉਹਨਾਂ ਬੰਦਿਆਂ ਦੀ ਸਪਲਾਈ ਕਰਦਾ ਜਿਹਨਾਂ ਨੂੰ ਇਹਨਾਂ ਨੇ ਸੱਦਿਆ ਹੁੰਦਾ ਸੀ।ਇਸ ਗੁਰੱਪ ਵੱਲੋਂ ਸੋਸ਼ਿਤ ਇੱਕ ਆਦਮੀ ਨੇ ਦਸਿਆ ਕੇ ਉਹਨਾਂ ਨੂੰ ਸਿਰਫ 1.54 ਯੂਰੋ ਘੰਟੇ ਦੇ ਦਿੰਦੇ ਸੀ ਜਦੋਂ ਕਿ ਉਹ ਆਪ ਅੱਗੇ ਮਾਲਕਾਂ ਪਾਸੋਂ 8 ਯੂਰੋ ਲੈਂਦੇ ਸਨ।ਇਹਨਾਂ ਕਾਮਿਆਂ ਲਈ ਰਿਹਾਇਸ਼ ਵੀ ਬਹੁਤ ਤਰਸਯੋਗ ਹਾਲਤ ਦੀ ਹੁੰਦੀ ਸੀ । ਪੁਲਿਸ ਵਲੋਂ ਤਿੰਨ ਕੰਪਨੀਆਂ ਦੀ 19.2 ਮਿਲੀਅਨ ਯੂਰੋ ਲਗਭਗ 200 ਕਰੋੜ ਰੁਪਏ ਦੀਆ ਜਾਇਦਾਦਾ ਵੀ ਜਬਤ ਕਰ ਲਈ ਗਈ ਹੈ। ਪੁਲਿਸ ਮੁਤਾਬਿਕ ਇੱਕ ਆਦਮੀ ਤੋਂ ਇਹਨਾਂ ਨੇ 73 ਦਿਨ ਲਗਾਤਰ ਬਿਨਾਂ ਛੁੱਟੀ ਤੋਂ ਕੰਮ ਕਰਵਾਇਆ ਜਿਹੜਾ ਕਿ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਉਂਦਾ ਜਿਉਂਦਾ ਜਾਗਦਾ ਸਬੂਤ ਸੀ ।

ਇਟਲੀ ਦੀ ਵਿੱਤੀ ਪੁਲਸ ਇਸ ਗੋਰਖ ਧੰਦੇ ਦੇ ਹੋਰ ਸ਼ਾਰੀਕਾਂ ਦੀ ਵੀ ਜਾਂਚ ਕਰ ਰਹੀ ਹੈ ਜਿਹਨਾਂ ਨੂੰ ਕਾਬੂ ਕਰ ਉਹ ਜਲਦ ਹੋਰ ਵੀ ਹੈਰਾਨ ਕਰਦੇ ਖੁਲਾਸੇ ਕਰ ਸਕਦੀ ਹੈ।ਇਸ ਘਟਨਾ ਦੀ ਇਟਲੀ ਦੇ ਚੁਫੇਰਿਓ ਜਿੱਥੇ ਇਟਾਲੀਅਨ ਤੇ ਹੋਰ ਕਿਰਤੀ ਜੱਥੇਬੰਦੀਆਂ ਨਿਖੇਧੀ ਕਰ ਰਹੀਆਂ ਹਨ, ਉੱਥੇ ਉਹਨਾਂ ਤਮਾਮ ਭਾਰਤੀ ਏਜੰਟਾਂ ਦੇ ਚੇਹਰਿਆਂ ਦੇ ਰੰਗ ਵੀ ਪੀਲੇ ਦੇਖੇ ਜਾ ਰਹੇ ਹਨ ਜਿਹਨਾਂ ਕਿ ਆਪਣੇ ਹੀ ਮਜ਼ਬੂਰ ਭਾਰਤੀ ਭਰਾਵਾਂ ਨੂੰ ਇਟਲੀ ਬੁਲਾਕੇ ਦੋਨੋਂ ਹੱਥੀ ਰੱਜ ਕੇ ਲੁੱਟਿਆ।ਅਜਿਹੇ ਲੋਕਾਂ ਦੀ ਜਾਇਦਾਦ ਪ੍ਰਤੀ ਵੀ ਇਟਲੀ ਪੁਲਸ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਜਿਹਨਾਂ ਕਿ ਕੁਝ ਸਮੇਂ ਵਿੱਚ ਇਸ ਗੌਰਖ ਧੰਦੇ ਦੀ ਬਦੌਲਤ ਇਟਲੀ ਤੇ ਭਾਰਤ ਵਿੱਚ ਸ਼ੀਸ਼ ਮਹਿਲ ਖੜ੍ਹੇ ਕਰ ਲਏ।ਅਜਿਹੇ ਲੋਕਾਂ ਦੀ ਭਾਰਤ ਵਿੱਚ ਚਕਾਚੌਂਧ ਦੇਖ ਹੀ ਬਹੁਤ ਸਾਰੇ ਬੇਰੁਜ਼ਗਾਰੀ ਦੇ ਝੰਬੇ ਭਾਰਤੀ ਨੌਜਵਾਨ ਇਹਨਾਂ ਦੇ ਜਾਲ ਵਿੱਚ ਜਾਂਦੇ ਸਨ ਜਿਹਨਾਂ ਦੀ ਸਿਰਫ਼ ਇਸ ਗੁਰੱਪ ਵੱਲੋਂ ਝੰਬੇ ਲੋਕਾਂ ਦੀ ਗਿਣਤੀ 1369 ਦੱਸੀ ਜਾ ਰਹੀ ਹੈ ਜਦੋਂ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਗੁਰੱਪ ਇਟਲੀ ਹਰ ਸੂਬੇ ਵਿੱਚ ਮਿਲ ਜਾਣਗੇ ਜਿਹਨਾਂ ਕਿ 9 ਮਹੀਨਿਆਂ ਵਾਲੇ ਪੇਪਰਾਂ ਉਪੱਰ ਭਾਰਤੀ ਨੌਜਵਾਨਾਂ ਦਾ ਰੱਜ ਕੇ ਸਰੀਰਕ ਤੇ ਦਿਮਾਗੀ ਸੋਸ਼ਣ ਕੀਤਾ।ਇਹਨਾਂ ਲੋਕਾਂ ਦੇ ਸ਼ਿਕਾਰ ਕਈ ਭਾਰਤੀ ਨੌਜਵਾਨ ਤਾਂ ਵਿਚਾਰੇ ਦਿਮਾਗੀ ਪ੍ਰੇਸ਼ਾਨੀ ਕਾਰਨ ਮੌਤ ਨੂੰ ਗਲੇ ਲਗਾ ਉਹਨਾਂ ਮਾਪਿਆਂ ਨੂੰ ਆਖਰੀ ਉਮਰੇ ਰੁੱਲਣ ਲਈ ਛੱਡ ਗਏ ਜਿਹਨਾਂ ਇਕਲੌਤੇ ਸਹਾਰਿਆਂ ਨੂੰ ਬੁੱਢੇ ਮਾਪਿਆਂ ਨੇ ਲੱਖਾਂ ਰੁਪੲੈ ਕਰਜ਼ਾ ਚੱਕ ਇਟਲੀ ਭੇਜਿਆ।ਭਾਰਤੀ ਭਾਈਚਾਰੇ ਦੇ ਕੁਝ ਸੁਆਰਥੀ ਤੇ ਲਾਲਚੀ ਏਜੰਟੀ ਟੋਲਿਆਂ ਦੇ ਇਸ ਗੌਰਖ ਧੰਦੇ ਦੀ ਇਹ ਕੋਈ ਪਹਿਲੀ ਤੇ ਆਖਰੀ ਘਟਨਾ ਨਹੀਂ ਜਿਸ ਦਾ ਇਟਲੀ ਪੁਲਸ ਨੇ ਪਰਦਾਫਾਸ ਕੀਤਾ ਇਸ ਤੋਂ ਪਹਿਲਾਂ ਵੀ ਬਹੁਤ ਸਾਰਿਆਂ ਘਟਨਾਵਾਂ ਦਾ ਖੁਲਾਸਾ ਹੋ ਚੁੱਕਾ ਹੈ ਫਿਰ ਵੀ ਪਰ ਪਤਾ ਨਹੀਂ ਕਿਓ ਇਹ ਸੋ਼ਸ਼ਣ ਬੰਦ ਨਹੀਂ ਹੋ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
