ਜਲਦੀ ਹੀ ਆਸਮਾਨ ''ਚ ਦਿੱਸਣਗੇ ''V'' ਆਕਾਰ ਦੇ ਅਤਿ ਆਧੁਨਿਕ ਜਹਾਜ਼

06/06/2019 2:01:26 PM

ਐਮਸਟਰਡਮ (ਬਿਊਰੋ)— ਹਵਾਬਾਜ਼ੀ ਖੇਤਰ ਵਿਚ ਯਾਤਰੀਆਂ ਦੀ ਸਹੂਲਤ ਲਈ ਰੋਜ਼ਾਨਾ ਨਵੇਂ ਪ੍ਰਯੋਗ ਹੁੰਦੇ ਰਹਿੰਦੇ ਹਨ। ਇਸੇ ਸਿਲਸਿਲੇ ਵਿਚ ਨੀਦਰਲੈਂਡ ਦੀ ਡੈਲਫਟ ਤਕਨਾਲੋਜੀ ਯੂਨੀਵਰਸਿਟੀ ਦੇ ਖੋਜਕਰਤਾ ਨੇ ਅਤਿ ਆਧੁਨਿਕ ਜਹਾਜ਼ ਦੀ ਇਕ ਨਵੀਂ ਬਣਾਵਟ ਤਿਆਰ ਕੀਤੀ ਹੈ। ਇਸ ਨੂੰ 'ਫਲਾਈਂਗ-V' ਦਾ ਨਾਮ ਦਿੱਤਾ ਗਿਆ ਹੈ। ਇਸ ਦਾ ਆਕਾਰ ਅੰਗਰੇਜ਼ੀ ਦੇ ਅੱਖਰ ਵੀ ਵਰਗਾ ਹੋਵੇਗਾ ਅਤੇ ਦੇਖਣ ਵਿਚ ਇਹ ਥੋੜ੍ਹਾ-ਥੋੜ੍ਹਾ ਗਿਬਸਨ ਗਿਟਾਰ ਜਿਹਾ ਲੱਗੇਗਾ।

PunjabKesari

ਖੋਜਕਰਤਾ ਦਾ ਦਾਅਵਾ ਹੈ ਕਿ ਇਸ ਅਤਿ ਆਧੁਨਿਕ ਜਹਾਜ਼ ਵਿਚ ਹੋਰ ਜਹਾਜ਼ਾਂ ਦੇ ਮੁਕਾਬਲੇ ਯਾਤਰੀ ਸਮਰੱਥਾ ਜ਼ਿਆਦਾ ਹੋਵੇਗੀ। ਇਸ ਜਹਾਜ਼ ਵਿਚ ਕਰੀਬ 314 ਯਾਤਰੀ ਸਫਰ ਕਰ ਸਕਦੇ ਹਨ। ਜ਼ਿਆਦਾ ਜਗ੍ਹਾ ਹੋਣ ਕਾਰਨ ਯਾਤਰੀਆਂ ਨੂੰ ਆਰਾਮਦਾਇਕ ਸਫਰ ਦਾ ਅਨੁਭਵ ਕਰਵਾਇਆ ਜਾ ਸਕਦਾ ਹੈ। ਹਾਲੇ ਜਿਹੜੇ ਸਧਾਰਨ ਜਹਾਜ਼ ਏਅਰਲਾਈਨ ਕੰਪਨੀਆਂ ਵੱਲੋਂ ਵਰਤੇ ਜਾ ਰਹੇ ਹਨ ਉਨ੍ਹਾਂ ਦੀ ਸਮਰੱਥਾ ਤਕਰੀਬਨ 300 ਯਾਤਰੀਆਂ ਦੀ ਹੈ। ਵੀ ਆਕਾਰ ਦੇ ਇਸ ਨਵੇਂ ਜਹਾਜ਼ ਵਿਚ ਪਰਾਂ 'ਤੇ ਹੀ ਯਾਤਰੀਆਂ ਦੇ ਬੈਠਣ, ਕਾਰਗੋ ਦੀ ਜਗ੍ਹਾ ਅਤੇ ਬਾਲਣ ਟੈਂਕ ਆਦਿ ਬਣੇ ਹੋਣਗੇ। 

PunjabKesari

ਖੋਜਕਰਤਾ ਦਾ ਦਾਅਵਾ ਹੈ ਕਿ ਆਪਣੇ ਖਾਸ ਡਿਜ਼ਾਈਨ ਕਾਰਨ ਇਸ ਜਹਾਜ਼ ਦਾ ਸੰਤੁਲਨ ਹੋਰ ਜਹਾਜ਼ਾਂ ਦੇ ਮੁਕਾਬਲੇ ਕਾਫੀ ਵਧੀਆ ਹੋਵੇਗਾ। ਇਹ ਜਹਾਜ਼ ਆਕਾਰ ਵਿਚ ਲੱਗਭਗ ਏਅਰਬਸ ਏ 350 ਅਤੇ ਬੋਇੰਗ 787 ਦੇ ਬਰਾਬਰ ਹੋਵੇਗਾ। ਸਧਾਰਨ ਜਹਾਜ਼ ਦੇ ਮੁਕਾਬਲੇ ਇਸ ਵਿਚ ਬਾਲਣ ਦੀ ਖਪਤ 20 ਫੀਸਦੀ ਘੱਟ ਹੋਵੇਗੀ। ਘੱਟ ਬਾਲਣ ਖਪਤ ਦਾ ਸਿੱਧਾ ਮਤਲਬ ਹੈ ਪ੍ਰਦੂਸ਼ਣ ਦੀ ਕਮੀ। ਲਿਹਾਜਾ ਮੰਨਿਆ ਜਾ ਰਿਹਾ ਹੈ ਕਿ ਇਹ ਜਹਾਜ਼ ਆਉਣ ਵਾਲੇ ਸਮੇਂ ਵਿਚ ਮੌਜੂਦਾ ਜਹਾਜ਼ ਦੇ ਇਤਿਹਾਸ ਨੂੰ ਬਦਲ ਦੇਵੇਗਾ। ਇਹ ਜਹਾਜ਼ ਕਾਫੀ ਹਲਕਾ ਹੈ ਅਤੇ ਇਸ ਦੇ ਏਅਰੋਡਾਇਨਾਮਿਕ ਡਿਜ਼ਾਈਨ ਕਾਰਨ ਇਹ ਲੰਬੀ ਦੂਰੀ ਤੈਅ ਕਰਨ ਲਈ ਕਾਫੀ ਉਪਯੋਗੀ ਹਨ।

PunjabKesari

ਇਸ ਨਵੇਂ ਡਿਜ਼ਾਈਨ ਦੇ ਜਹਾਜ਼ ਦੇ ਕਾਰੋਬਾਰੀ ਉਤਪਾਦਨ ਲਈ ਡਚ ਏਅਰਲਾਈਨ ਕੰਪਨੀ KLM ਨੇ ਡੈਲਫਟ ਤਕਨਾਲੋਜੀ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਹੈ। ਜਹਾਜ਼ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਬਣਾਉਣ ਲਈ ਇਸ ਨੂੰ ਕਈ ਪੜਾਆਂ ਦੀ ਟੈਸਟਿੰਗ ਪ੍ਰਕਿਰਿਆ ਵਿਚੋਂ ਲੰਘਾਇਆ ਗਿਆ ਹੈ। ਫਲਾਈਂਗ V ਏਅਰਕ੍ਰਾਫਟ ਦਾ ਡਿਜ਼ਾਈਨ ਸਭ ਤੋਂ ਪਹਿਲਾਂ ਸਾਲ 2015 ਵਿਚ ਸਾਹਮਣੇ ਆਇਆ ਸੀ। ਉਸ ਸਮੇਂ ਟੀ.ਯੂ. ਬਰਲਿਨ ਦੇ ਵਿਦਿਆਰਥੀ ਜਸਟਸ ਬੇਨਾਡ ਨੇ ਆਪਣੇ ਥਿਸਿਸ ਪ੍ਰਾਜੈਕਟ ਦੇ ਸਮੇਂ ਇਸ ਭਵਿੱਖਮਈ ਏਅਰਕ੍ਰਾਫਟ ਨੂੰ ਡਿਜ਼ਾਈਨ ਕੀਤਾ ਸੀ।


Vandana

Content Editor

Related News