8 ਭਾਰਤੀ ਸੈਲਾਨੀਆਂ ਦੀ ਮੌਤ ਦੇ ਬਾਅਦ ਨੇਪਾਲ ਨੇ ਰਿਜੋਰਟ ਕੀਤਾ ਬੰਦ

02/12/2020 11:08:09 AM

ਕਾਠਮੰਡੂ (ਬਿਊਰੋ): ਨੇਪਾਲ ਨੇ ਆਪਣੇ ਉਸ ਰਿਜੋਰਟ ਦਾ ਲਾਈਸੈਂਸ ਰੱਦ ਕਰ ਦਿੱਤਾ, ਜਿੱਥੇ 8 ਭਾਰਤੀ ਸੈਲਾਨੀਆਂ ਦੀ ਮੌਤ ਹੋਈ ਸੀ। ਲਾਈਸੈਂਸ ਰੱਦ ਕਰਨ ਦੇ ਨਾਲ ਹੀ ਰਿਜੋਰਟ ਨੂੰ 3 ਮਹੀਨੇ ਲਈ ਬੰਦ ਕਰ ਦਿੱਤਾ ਗਿਆ। ਅਜਿਹਾ ਕਰਨ ਦੇ ਪਿੱਛੇ ਦਾ ਮੁੱਖ ਕਾਰਨ ਰਿਜੋਰਟ ਦੇ ਸੁਰੱਖਿਆ ਵਿਵਸਥਾ ਦੇ ਖਰਾਬ ਇੰਤਜ਼ਾਮ ਦੱਸੇ ਜਾ ਰਹੇ ਹਨ। ਇੱਥੇ ਦੱਸ ਦਈਏ ਕਿ ਰਿਜੋਰਟ ਵਿਚ 8 ਭਾਰਤੀਆਂ ਦੀ ਮੌਤ ਹੋ ਗਈ ਸੀ, ਜਿਸ ਕਾਰਨ ਨੇਪਾਲ ਨੂੰ ਇਹ ਵੱਡਾ ਕਦਮ ਚੁੱਕਣਾ ਪਿਆ। 

ਕਾਠਮੰਡੂ ਪੋਸਟ ਦੀ ਮੰਗਲਵਾਰ ਦੀ ਖਬਰ ਦੇ ਮੁਤਾਬਕ ਟੂਰਿਜ਼ਮ ਵਿਭਾਗ ਨੇ ਭਾਰਤੀ ਸੈਲਾਨੀਆਂ ਦੀ ਮੌਤ ਦੀ ਜਾਂਚ ਕਰਨ ਲਈ ਗਠਿਤ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਦਮਨ ਦੇ ਐਵਰੈਸਟ ਪੈਨੋਰੇਮਾ ਰਿਜੋਰਟ 'ਤੇ ਐਵਤਾਰ ਨੂੰ 3 ਮਹੀਨੇ ਦੀ ਪਾਬੰਦੀ ਲਗਾਈ। ਵਿਭਾਗ ਨੇ ਰਿਜੋਰਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਕਿਉਂਕਿ ਜਾਂਚ ਕਮੇਟੀ ਵੱਲੋਂ ਸੌਂਪੀ ਗਈ ਰਿਪੋਰਟ ਵਿਚ ਖਰਾਬ ਸੁਰੱਖਿਆ ਵਿਵਸਥਾ ਅਤੇ ਪ੍ਰਬੰਧਨ ਸਬੰਧੀ ਕਮੀਆਂ ਵੱਲ ਸੰਕੇਤ ਕੀਤੇ ਗਏ ਹਨ। ਸੱਭਿਆਚਾਰ, ਟੂਰਿਜ਼ਮ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਟੂਰਿਜ਼ਮ ਵਿਭਾਗ ਦੇ ਨਿਦੇਸ਼ਕ ਸੁਰਿੰਦਰ ਥਾਪਾ ਦੀ ਅਗਵਾਈ ਵਿਚ ਇਕ ਜਾਂਚ ਕਮੇਟੀ ਗਠਿਤ ਕੀਤੀ ਸੀ। ਕਮੇਟੀ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਰਿਪੋਰਟ ਵਿਚ ਰਿਜੋਰਟ ਦੀਆਂ ਕਮੀਆਂ ਵੱਲ ਇਸ਼ਾਰਾ ਕੀਤਾ ਸੀ।

ਮਕਵਾਨਪੁਰ ਜ਼ਿਲਾ ਸਥਿਤ ਇਕ ਰਿਜੋਰਟ ਵਿਚ ਹੀਟਰ ਤੋਂ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਸੀ। ਉਸ ਸਮੇਂ ਹੋਟਲ ਵਿਚ ਕੇਰਲ ਦੇ 15 ਸੈਲਾਨੀ ਮੌਜੂਦ ਸਨ ਜਿਹਨਾਂ ਵਿਚੋਂ 8 ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 4 ਨਾਬਾਲਗ ਵੀ ਸ਼ਾਮਲ ਸਨ। ਹਾਦਸੇ ਦੇ ਬਾਅਦ ਰਿਜੋਰਟ ਵਿਚ ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਸਾਰੇ ਸੈਲਾਨੀ ਕਮਰੇ ਵਿਚ ਬੇਹੋਸ਼ ਮਿਲੇ ਸਨ। ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਸਥਾਨਕ ਮੀਡੀਆ ਦੇ ਮੁਤਾਬਕ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਸੀ। ਮ੍ਰਿਤਕਾਂ ਵਿਚ ਪ੍ਰਵੀਨ ਕੁਮਾਰ ਨਾਇਰ (39), ਸ਼ਰਨਯਾ (34), ਰੰਜੀਤ ਕੁਮਾਰ ਟੀਬੀ (39), ਇੰਦੂ ਰੰਜੀਤ (34), ਭਦਰਾ (9), ਅਬਿਨਾਬ ਸੋਰਯਾ (9), ਅਬੀ ਨਾਇਰ (7) ਅਤੇ ਵੈਸ਼ਨਬ ਰੰਜੀਤ (2) ਸਨ।


Vandana

Content Editor

Related News