ਸ਼ਖਸ ਨੇ ਗੁਪਤ ਅੰਗ ''ਚ ਰੱਖਿਆ ਸੀ ਸੋਨਾ, ਨੇਪਾਲ ਹਵਾਈ ਅੱਡੇ ''ਤੇ ਗ੍ਰਿਫਤਾਰ
Wednesday, Dec 04, 2019 - 01:07 PM (IST)

ਕਾਠਮੰਡੂ (ਬਿਊਰੋ): ਨੇਪਾਲ ਦੇ ਤ੍ਰਿਭੁਵਨ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਸੁਰੱਖਿਆ ਅਧਿਕਾਰੀਆਂ ਨੇ ਇਕ ਚੀਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਉਸ ਕੋਲੋਂ ਇਕ ਕਿਲੋ ਸੋਨਾ ਬਰਾਮਦ ਕੀਤਾ ਹੈ, ਜੋ ਉਹ ਆਪਣੇ ਗੁਪਤ ਅੰਗ ਵਿਚ ਲੁਕੋ ਕੇ ਲਿਆਇਆ ਸੀ। ਸੁਰੱਖਿਆ ਅਧਿਕਾਰੀਆਂ ਨੂੰ ਉਸ 'ਤੇ ਅਜੀਬੋ-ਗਰੀਬ ਤਰੀਕੇ ਨਾਲ ਤੁਰਨ ਕਾਰਨ ਸ਼ੱਕ ਹੋਇਆ। ਇਸ ਮਗਰੋਂ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਐਕਸ-ਰੇਅ ਮਸ਼ੀਨ ਦੇ ਸਾਹਮਣੇ ਖੜ੍ਹਾ ਕੀਤਾ ਗਿਆ ਤਾਂ ਪਤਾ ਚੱਲਿਆ ਕਿ 22 ਸਾਲਾ ਸਾ ਲੁਈਲੁਈ (Sa Luitui) ਦੇ ਸਰੀਰ ਦੇ ਅੰਦਰ ਕੋਈ ਧਾਤ ਮੌਜੂਦ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲੁਈਲੁਈ ਚੀਨ ਤੋਂ ਤਿੱਬਤ ਏਅਰ ਫਲਾਈਟ ਜ਼ਰੀਏ ਕਾਠਮੰਡੂ ਹਵਾਈ ਅੱਡੇ 'ਤੇ ਉਤਰਿਆ ਸੀ। ਇਸ ਮਗਰੋਂ ਉਸ ਦੇ ਤੁਰਨ ਦੇ ਤਰੀਕੇ 'ਤੇ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਲੁਈਲੁਈ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਆਪਣੇ ਗੁਪਤ ਅੰਗ ਵਿਚ ਸੋਨਾ ਲੁਕੋ ਕੇ ਰੱਖਿਆ ਹੈ। ਪੁਲਸ ਨੇ ਡਾਕਟਰਾਂ ਦੀ ਮਦਦ ਨਾਲ ਕੇ.ਐੱਮ.ਸੀ. ਹਸਪਤਾਲ ਵਿਚ ਉਸ ਦੇ ਸਰੀਰ ਵਿਚੋਂ ਸੋਨੇ ਨੂੰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਉਸ ਕੋਲੋਂ ਇਕ ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤ੍ਰਿਭੁਵਨ ਇੰਟਰਨੈਸ਼ਨਲ ਹਵਾਈ ਅੱਡੇ ਨੇ ਇਸ ਤੋਂ ਪਹਿਲਾਂ ਵੀ ਸੋਨੇ ਦੀ ਤਸਕਰੀ ਦੇ ਮਾਮਲੇ ਫੜੇ ਸਨ।