ਨਵਾਜ਼ ਸ਼ਰੀਫ਼ ਦਾ ਪਾਕਿ ਪੀ.ਐੱਮ. ''ਤੇ ਤੰਜ, ਕਿਹਾ- ਇਮਰਾਨ ਨੂੰ ਭਾਰਤ ''ਚ ''ਕਠਪੁਤਲੀ'' ਕਿਹਾ ਜਾਂਦੈ
Saturday, Dec 25, 2021 - 01:15 AM (IST)
ਲਾਹੌਰ - ਪਾਕਿਸਤਾਨ ਦੇ ਬਰਖਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਮਰਾਨ ਖਾਨ 'ਤੇ ਇੱਕ ਵਾਰ ਫਿਰ ਤੰਜ ਕੱਸਦੇ ਹੋਏ ਕਿਹਾ ਹੈ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਨੂੰ 2018 ਵਿਚ ਤਾਕਤਵਰ ਫੌਜ ਦੁਆਰਾ ਸੱਤਾ ਵਿਚ ਲਿਆਉਣ ਤੋਂ ਬਾਅਦ ਭਾਰਤ ਵਿਚ "ਕਠਪੁਤਲੀ" ਨੇਤਾ ਕਿਹਾ ਗਿਆ ਹੈ। ਸ਼ਰੀਫ ਅਜੇ ਲੰਡਨ ਵਿੱਚ ਦਿਲ ਦੀ ਬੀਮਾਰੀ ਦਾ ਇਲਾਜ ਕਰਾ ਰਹੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਲਾਹੌਰ ਵਿੱਚ ਆਯੋਜਿਤ ਪਾਕਿਸਤਾਨ ਮੁਸਲਮਾਨ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਦੀ ਇੱਕ ਬੈਠਕ ਨੂੰ ਵੀਡੀਓ ਲਿੰਕ ਦੇ ਜ਼ਰੀਏ ਸੰਬੋਧਿਤ ਕੀਤਾ। ਸ਼ਰੀਫ ਨੇ ਕਿਹਾ, ‘‘ਭਾਰਤ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਠਪੁਤਲੀ ਕਿਹਾ ਜਾਂਦਾ ਹੈ ਅਤੇ ਅਮਰੀਕਾ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ (ਇਮਰਾਨ) ਕੋਲ ਮੇਅਰ ਤੋਂ ਵੀ ਘੱਟ ਅਧਿਕਾਰ ਹਨ। ਅਜਿਹਾ ਇਸ ਲਈ ਹੈ ਕਿਉਂਕਿ ਦੁਨੀਆ ਜਾਣਦੀ ਹੈ ਕਿ ਉਨ੍ਹਾਂ ਨੂੰ ਕਿਵੇਂ ਸੱਤਾ ਵਿੱਚ ਲਿਆਇਆ ਗਿਆ ਹੈ। ਇਮਰਾਨ ਆਮ ਲੋਕਾਂ ਦੇ ਵੋਟਾਂ ਨਾਲ ਨਹੀਂ ਸਗੋਂ ਫੌਜੀ ਅਦਾਰੇ ਦੀ ਮਦਦ ਨਾਲ ਸੱਤਾ ਵਿੱਚ ਆਏ ਹਨ।
ਪਾਕਿਸਤਾਨ ਵਿੱਚ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਗਏ 71 ਸਾਲਾਂ ਸ਼ਰੀਫ ਨਵੰਬਰ 2019 ਤੋਂ ਲੰਡਨ ਵਿੱਚ ਰਹਿ ਰਹੇ ਹਨ। ਉਸ ਸਮੇਂ ਲਾਹੌਰ ਹਾਈ ਕੋਰਟ ਨੇ ਉਨ੍ਹਾਂ ਨੂੰ ਇਲਾਜ ਲਈ ਚਾਰ ਹਫ਼ਤੇ ਲਈ ਵਿਦੇਸ਼ ਜਾਣ ਦੀ ਮਨਜ਼ੂਰੀ ਦਿੱਤੀ ਸੀ। ਪਾਰਟੀ ਦੀ ਬੈਠਕ ਵਿੱਚ, ਸ਼ਰੀਫ ਨੇ 2018 ਦੀਆਂ ਆਮ ਚੋਣਾਂ ਵਿੱਚ ਧਾਂਦਲੀ ਦੇ ਜ਼ਰੀਏ "ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਕਠਪੁਤਲੀ ਸਰਕਾਰ ਥੋਪਣ" ਲਈ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਸਾਬਕਾ ਪ੍ਰਮੁੱਖ ਲੈਫਟੀਨੈਂਟ ਜਨਰਲ ਫੈਜ਼ ਹਮੀਦ 'ਤੇ ਵੀ ਕਟਾਕਸ਼ ਕੀਤਾ। ਸ਼ਰੀਫ ਨੇ ਕਿਹਾ, ਇਹ ਵਿਅਕਤੀ (ਇਮਰਾਨ ਖਾਨ) ਕਿਹਾ ਕਰਦਾ ਸੀ ਕਿ ਉਹ ਆਈ.ਐੱਮ.ਐੱਫ. (ਅੰਤਰਰਾਸ਼ਟਰੀ ਮੁਦਰਾ ਫੰਡ) ਵਿੱਚ ਜਾਣ ਦੇ ਬਦਲੇ ਆਤਮ ਹੱਤਿਆ ਕਰ ਲਵੇਗਾ। ਹੁਣ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਉਹ ਕਦੋਂ ਆਤਮ ਹੱਤਿਆ ਕਰਨਗੇ। ਇਮਰਾਨ ਨੇ ਤਤਕਾਲੀਨ ਪਾਕਿਸਤਾਨੀ ਸਰਕਾਰ ਦੁਆਰਾ ਅੰਤਰਰਾਸ਼ਟਰੀ ਅਦਾਰਿਆਂ ਤੋਂ ਕਰਜ਼ਾ ਲੈਣ 'ਤੇ ਤਿੱਖੀ ਨਿੰਦਾ ਕੀਤੀ ਸੀ ਅਤੇ ਸ਼ਰੀਫ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਦੀ ਉਸੇ ਟਿੱਪਣੀ ਦਾ ਜ਼ਿਕਰ ਕਰ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।