ਦਿਲ ਸਬੰਧੀ ਦਿੱਕਤਾਂ ਦੇ ਚੱਲਦੇ ਸ਼ਰੀਫ ਹਸਪਤਾਲ ਦਾਖਲ
Tuesday, Jan 22, 2019 - 05:37 PM (IST)

ਲਾਹੌਰ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਿਲ ਸਬੰਧੀ ਦਿੱਕਤਾਂ ਦੇ ਚੱਲਦੇ ਮੰਗਲਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸ਼ਰੀਫ (69) ਨੂੰ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ ਤੋਂ ਲਾਹੌਰ ਦੇ ਪੰਜਾਬ ਇੰਸਟੀਚਿਊਟ ਆਫ ਕਾਰਡੀਓਲਾਜੀ ਲਿਜਾਇਆ ਗਿਆ ਹੈ।
ਸਫੈਦ ਸਲਵਾਰ ਕਮੀਜ਼ ਤੇ ਨੀਲੇ ਰੰਗ ਦੇ ਵੇਸਟਕੋਰਟ ਪਹਿਨੇ ਹੋਏ ਸ਼ਰੀਫ ਨੇ ਹਸਪਤਾਲ ਪਹੁੰਚਣ 'ਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਡਾਕਟਰਾਂ ਨੇ ਉਨ੍ਹਾਂ ਦੀਆਂ ਟੀ.ਆਰ.ਓ.ਪੀ., ਈਕੋਕਾਰਡੀਓਗ੍ਰਾਫੀ ਤੇ ਸਟ੍ਰੈਸ ਥੈਲਿਅਮ ਸਕੈਨ ਵਰਗੀਆਂ ਜਾਂਚਾਂ ਕੀਤੀਆਂ ਹਨ। ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਮੇਰੇ ਪਿਤਾ ਦੀ ਸਿਹਤ ਠੀਕ ਨਹੀਂ ਹੈ। ਮੈਂ ਪੀ.ਜੀ.ਆਈ. ਜਾਣਾ ਚਾਹੁੰਦੀ ਸੀ ਪਰ ਸੁਰੱਖਿਆ ਕਾਰਨਾਂ ਕਾਰਨ ਮੇਰੇ ਪਿਤਾ ਨੇ ਮੈਨੂੰ ਰੋਕ ਦਿੱਤਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੇ ਵਿਸ਼ੇਸ਼ ਮੈਡੀਕਲ ਬੋਰਡ ਦੀ ਰਿਪੋਰਟ ਸਾਨੂੰ ਮੁਹੱਈਆ ਨਹੀਂ ਕਰਵਾਈ ਹੈ। ਜੇਲ ਅਧਿਕਾਰੀਆਂ ਨੂੰ ਅਪੀਲ ਕਰਨ ਤੋਂ ਬਾਅਦ ਅਸੀਂ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਰਿਪੋਰਟ ਦੇਣ ਲਈ ਲਿੱਖਿਆ ਪਰ ਅਜੇ ਤੱਕ ਕੋਈ ਰਿਪੋਰਟ ਨਹੀਂ ਮਿਲੀ ਹੈ।