ਨਵਾਜ਼ ਦਾ ਭਰਾ ਸ਼ਾਹਬਾਜ਼ ਸ਼ਰੀਫ਼ ਜੇਲ ’ਚੋਂ ਰਿਹਾਅ

Saturday, Apr 24, 2021 - 01:04 PM (IST)

ਨਵਾਜ਼ ਦਾ ਭਰਾ ਸ਼ਾਹਬਾਜ਼ ਸ਼ਰੀਫ਼ ਜੇਲ ’ਚੋਂ ਰਿਹਾਅ

ਪੇਸ਼ਾਵਰ : ਪਾਕਿਸਤਾਨੀ ਸੰਸਦ ’ਚ ਵਿਰੋਧੀ ਧਿਰ ਦੇ ਨੇਤਾ ਤੇ ਪੀ. ਐੱਮ. ਐੱਲ- ਐੱਨ. ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਸ਼ੁੱਕਰਵਾਰ ਨੂੰ ਜੇਲ ’ਚੋਂ ਰਿਹਾਅ ਹੋ ਗਏ। ਉਹ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ’ਚ ਤਕਰੀਬਨ 8 ਮਹੀਨਿਆਂ ਤੋਂ ਜੇਲ ’ਚ ਸਨ। ਇਹ ਮਾਮਲੇ ਦੇਸ਼ ਦੇ ਭ੍ਰਿਸ਼ਟਾਚਾਰ ਰੋਕੂ ਵਿਭਾਗ ਵੱਲੋਂ ਦਰਜ ਕਰਵਾਏ ਗਏ ਸਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਨੂੰ ਲਾਹੌਰ ਦੀ ਕੋਟ ਲੱਖਪਤ ਜੇਲ ’ਚੋਂ ਸ਼ੁੱਕਰਵਾਰ ਦੁਪਹਿਰ ਨੂੰ ਰਿਹਾਅ ਕਰ ਦਿੱਤਾ ਗਿਆ। ਇਕ ਦਿਨ ਪਹਿਲਾਂ ਹੀ ਲਾਹੌਰ ਦੀ ਉੱਚ ਅਦਾਲਤ ਦੇ ਪੂਰੇ ਬੈਂਚ ਨੇ ਉਨ੍ਹਾਂ ਨੂੰ 50-50 ਲੱਖ ਰੁਪਏ ਦੇ ਦੋ ਮੁਚੱਲਕਿਆਂ ’ਤੇ ਜ਼ਮਾਨਤ ਦਿੱਤੀ ਸੀ।

ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ- ਐੱਨ.) ਦੇ ਕਈ ਸਮਰਥਕ ਜੇਲ ਦੇ ਬਾਹਰ ਇਕੱਠੇ ਹੋਏ ਸਨ। ਉਨ੍ਹਾਂ ਨੇ ਪੰਜਾਬ ਸੂਬੇ ਦੇ 69 ਸਾਲਾ ਸਾਬਕਾ ਮੁੱਖ ਮੰਤਰੀ ਦੀ ਕਾਰ ’ਤੇ ਫੁੱਲਾਂ ਦਾ ਮੀਂਹ ਵਰ੍ਹਾਇਆ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਿਲਾਫ਼ ਨਾਅਰੇ ਲਾਏ। ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਨੇ ਸ਼ਾਹਬਾਜ਼ ਨੂੰ ਸਤੰਬਰ 2020 ’ਚ ਮਨੀ ਲਾਂਡਰਿੰਗ ਤੇ ਜ਼ਿਆਦਾ ਜਾਇਦਾਦ ਦੇ ਮਾਮਲਿਆਂ ’ਚ ਗ੍ਰਿਫ਼ਤਾਰ ਕੀਤਾ ਸੀ। ਐੱਨ. ਏ. ਬੀ. ਨੇ ਦੋਸ਼ ਲਾਇਆ ਸੀ ਕਿ 1990 ਤੱਕ ਸ਼ਾਹਬਾਜ਼ ਪਰਿਵਾਰ ਕੋਲ ਤਕਰੀਬਨ 1.65 ਕਰੋੜ ਰੁਪਏ ਦੀ ਜਾਇਦਾਦ ਸੀ, ਜੋ 2018 ’ਚ ਵਧ ਕੇ ਸੱਤ ਅਰਬ ਰੁਪਏ ਤੋਂ ਵੱਧ ਹੋ ਗਈ। ਉਸ ਦੇ ਖ਼ਿਲਾਫ਼ ਦੋਸ਼ ਸੀ ਕਿ ਇਹ ਜਾਇਦਾਦ ਆਮਦਨ ਦੇ ਜਾਣੂ ਸੋਮਿਆਂ ਤੋਂ ਵੱਧ ਹੈ।


author

Manoj

Content Editor

Related News